ਬਲਾਚੌਰ, 31 ਮਈ (ਦੀਦਾਰ ਸਿੰਘ ਬਲਾਚੌਰੀਆ)-ਉੱਘੇ ਮਹਾਂਕਾਵਿ ਲੇਖਕ ਅਤੇ ਪੰਜਾਬੀ ਸਾਹਿਤ ਮੰਚ ਬਲਾਚੌਰ ਦੇ ਬਾਨੀ ਪ੍ਰਧਾਨ ਗੁਰਦੇਵ ਸਿੰਘ ਰਾਏ ਨੂੰ ਉਨ੍ਹਾਂ ਦੀ 12ਵੀਂ ਬਰਸੀ ਮੌਕੇ ਪੰਜਾਬੀ ਸਾਹਿਤ ਮੰਚ ਬਲਾਚੌਰ ਵਲੋਂ ਯਾਦ ਕੀਤਾ ਗਿਆ ਅਤੇ ਸਹਿਕਾਰੀ ਸਭਾ ਰੱਕੜਾਂ ਬੇਟ ਅਤੇ ਬਲਾਚੌਰ ਦੇ ਸੈਕਟਰੀ ਬਲਿਹਾਰ ਸਿੰਘ ਜੌਹਲ ਸਨਾਵਾਂ ਦੀ ਮੌਜੂਦਗੀ 'ਚ ਪਾਠਕਾਂ ਨੂੰ ਸਵ: ਗੁਰਦੇਵ ਸਿੰਘ ਰਾਏ ਅਤੇ ਉਨ੍ਹਾਂ ਦੇ ਸਪੁੱਤਰ ਨਾਮਵਰ ਕਹਾਣੀਕਾਰ ਸੁਰਿੰਦਰ ਸਿੰਘ ਰਾਏ ਮੈਲਬੌਰਨ ਮੌਜੂਦਾ ਪ੍ਰਧਾਨ ਪੰਜਾਬੀ ਸਾਹਿਤ ਮੰਚ ਬਲਾਚੌਰ ਅਤੇ ਹੋਰਨਾਂ ਲੇਖਕਾਂ ਦੀਆਂ ਪੁਸਤਕਾਂ ਸੁਹਿਰਦ ਪਾਠਕਾਂ ਨੂੰ ਵੰਡੀਆਂ ਗਈਆਂ | ਇਸ ਮੌਕੇ ਸੈਕਟਰੀ ਬਲਿਹਾਰ ਸਿੰਘ, ਪੰਜਾਬੀ ਸਾਹਿਤ ਮੰਚ ਦੇ ਵਧੀਕ ਸਕੱਤਰ ਦੀਦਾਰ ਸਿੰਘ, ਰਾਜਿੰਦਰ ਗੌਤਮ ਜਿੰਦੀ ਨੇ ਸਵ: ਗੁਰਦੇਵ ਸਿੰਘ ਰਾਏ ਸੇਵਾ ਮੁਕਤ ਮੁੱਖ ਅਧਿਆਪਕ ਦੀਆਂ ਸਾਹਿਤਕ ਸਰਗਰਮੀਆਂ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸਵ: ਗੁਰਦੇਵ ਸਿੰਘ ਰਾਏ ਨੇ ਇਕ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ | ਜਿਨ੍ਹਾਂ 'ਚ ਜੀਵਨ ਕਿਰਨਾਂ, ਯੋਧਿਆਂ ਦੀਆਂ ਵਾਰਾਂ, ਪੰਜਾਬ ਤ੍ਰਾਸਦੀ, ਭਾਰਤ ਰਤਨ ਡਾ. ਅੰਬੇਡਕਰ, ਰਤਨ ਅਮੋਲ, ਅਦੁਤੀ ਰਹਿਬਰ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ, ਆਜ਼ਾਦੀ ਪ੍ਰਵਾਨੇ, ਚੜਿ੍ਹਆ ਸੋਧਣਿ ਧਰਤ ਲੁਕਾਈ, ਡਾਇਨਾ ਦੋ ਸੋਧੇ ਐਡੀਸ਼ਨ, ਰੰਗ ਨਵੇਲਾ ਦੋ ਐਡੀਸ਼ਨ ਹੋਰ ਸ਼ਾਮਿਲ ਸਨ | ਉਨ੍ਹਾਂ ਨੇ ਵੱਡੇ-ਵੱਡੇ ਲੇਖਕਾਂ ਦਾ ਮਾਣ ਸਨਮਾਨ ਕਰਨ ਲਈ ਸਾਹਿਤਕ ਸਮਾਗਮ ਕਰਵਾਏ | ਪ੍ਰੋ. ਬ੍ਰਹਮਜਗਦੀਸ਼ ਸਿੰਘ ਨੇ ਗੁਰਦੇਵ ਸਿੰਘ ਰਾਏ ਸੰਘਰਸ਼ ਤੇ ਰਾਸ਼ਟਰੀ ਚੇਤਨਾ ਦਾ ਕਵੀ 'ਤੇ ਕਿਤਾਬ ਛਾਪੀ ਸੀ | ਜਿਕਰਯੋਗ ਇਹ ਹੈ ਕਿ ਸਵ: ਗੁਰਦੇਵ ਸਿੰਘ ਰਾਏ ਨੇ ਮਹਾਂਕਾਵਿ ਵਿਧਾ ਮੁਤਾਬਕ ਦਰਜਨਾਂ ਪੁਸਤਕਾ ਲਿਖੀਆਂ, ਪਰ ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਦਾ ਕੋਈ ਮਾਣ ਸਨਮਾਨ ਨਹੀ ਕੀਤਾ ਜਿਸਦਾ ਮੰਚ ਨੂੰ ਅਫਸੋਸ ਹੈ | ਮੰਚ ਦੇ ਅਹੁਦੇਦਾਰਾਂ, ਮੈਂਬਰਾਂ ਤੇ ਲੇਖਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭਾਸ਼ਾ ਵਿਭਾਗ ਇਸ ਮੰਗ ਵੱਲ੍ਹ ਜਰੂਰ ਸੁਹਿਰਦਤਾ ਨਾਲ ਤਵਜੋਂ ਦੇਵੇ |