ਬਲਾਚੌਰ, 31 ਮਈ (ਨਰੇਸ਼ ਧੌਲ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਇਸ ਸਾਲ ਦੇ ਆਰੰਭ 'ਚ ਸਰਬੱਤ ਦੇ ਭਲੇ ਲਈ ਚਲਾਈ ਗਈ ਮਹੀਨਾਵਾਰੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੀ ਲੜੀ 'ਚ ਪਹਿਲੀ ਵਾਰ ਨਵਾਂਸ਼ਹਿਰ ਤੋਂ ਬਾਹਰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੁਸਾਇਟੀ ਮੈਂਬਰ ਹਰਨੇਕ ਸਿੰਘ ਦੇ ਗ੍ਰਹਿ ਪਿੰਡ ਧੌਲ (ਬਲਾਚੌਰ) ਵਿਖੇ 1 ਜੂਨ ਦਿਨ ਐਤਵਾਰ ਨੂੰ ਸਮੁੱਚੇ ਸੁਸਾਇਟੀ ਮੈਂਬਰਾਂ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾਣਗੇ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸ. ਸੁਰਜੀਤ ਸਿੰਘ ਅਤੇ ਮੈਂਬਰ ਅਮਰੀਕ ਸਿੰਘ ਬਛੌੜੀ ਨੇ ਦੱਸਿਆ ਕਿ ਲੜੀ ਦੀ ਸ਼ੁਰੂਆਤ ਤੋਂ ਹੀ ਪੂਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਇਸ ਲੜੀ ਪ੍ਰਤੀ ਬਹੁਤ ਉਤਸ਼ਾਹ ਦਿਖਾਇਆ ਜਾ ਰਿਹਾ ਹੈ | ਭਾਵੇਂ ਕਿ ਲੜੀ ਨਵਾਂਸ਼ਹਿਰ ਵਿਖੇ ਸੁਸਾਇਟੀ ਮੈਂਬਰਾਂ ਦੇ ਘਰ 'ਚ ਪਾਠ ਕਰਨ ਤੱਕ ਸੀਮਤ ਰੱਖੀ ਗਈ ਸੀ, ਪ੍ਰੰਤੂ ਸੰਗਤਾਂ ਵੱਲੋਂ ਦਿਖਾਏ ਗਏ ਪਿਆਰ ਸਦਕਾ ਹੁਣ ਸਲਾਨਾ ਗੁਰਮਤਿ ਸਮਾਗਮਾਂ ਦੀ ਤਰ੍ਹਾਂ ਇਹ ਪਾਠ ਵੀ ਜ਼ਿਲ੍ਹੇ ਦੇ ਚਾਹਵਾਨ ਮੈਂਬਰਾਂ ਜਾਂ ਪਾਠ ਕਰਵਾਉਣ ਦੇ ਇਛੁੱਕ ਪਰਿਵਾਰਾਂ ਨੂੰ ਵੀ ਇਸ ਲੜੀ ਨਾਲ ਜੋੜਣ ਦਾ ਫੈਸਲਾ ਲਿਆ ਗਿਆ ਹੈ |