ਮਜਾਰੀ/ਸਾਹਿਬਾ, 2 ਜੂਨ (ਨਿਰਮਲਜੀਤ ਸਿੰਘ ਚਾਹਲ)-ਖ਼ਾਲਸਾ ਪੰਥ ਵਲੋਂ ਨਿਕਾਰੇ ਜਾ ਚੁੱਕੇ ਅਕਾਲੀ ਦਲ ਦੀ ਪੁਰਾਣੀ ਲੀਡਰਸ਼ਿਪ ਨੂੰ ਪਾਸੇ ਕਰਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਵਾਸਤੇ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਥਾਪਿਤ ਕੀਤੀ ਪੰਜ ਮੈਂਬਰੀ ਕਮੇਟੀ ਨੂੰ ਨਵੀਂ ਭਰਤੀ ਕਰਨ ਵਾਸਤੇ ਜਾਰੀ ਹੋਏ ਹੁਕਮਨਾਮੇ ਤਹਿਤ ਪੂਰੇ ਪੰਜਾਬ ਵਿੱਚ ਖ਼ਾਲਸਾ ਪੰਥ ਵਲੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ | ਇਸ ਭਰਤੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਪਣੇ ਰਾਜ ਭਾਗ ਵਿੱਚ ਕੀਤੀਆਂ ਗ਼ਲਤੀਆਂ ਮੰਨਣ ਤੋਂ ਬਾਅਦ ਮੁੜ ਪਿੱਠ ਦੇ ਕੇ ਭੱਜਣ ਵਾਲੇ ਭੌਗੜਿਆਂ ਦੇ ਭੁਲੇਖੇ ਕੱਢ ਦਿੱਤੇ ਹਨ | ਜੋ ਹੁਣ ਬੌਖਲਾਹਟ ਵਿੱਚ ਆ ਕੇ ਘਟੀਆ ਬਿਆਨਬਾਜ਼ੀ ਕਰਨ ਲੱਗੇ ਹਨ | ਇਹ ਪ੍ਰਗਟਾਵਾ ਟਕਸਾਲੀ ਅਕਾਲੀ ਆਗੂ ਜਥੇਦਾਰ ਅਵਤਾਰ ਸਿੰਘ ਸਹਦੜਾ ਅਤੇ ਹਰਅਮਰਿੰਦਰ ਸਿੰਘ ਚਾਂਦਪੁਰੀ ਸਾਬਕਾ ਚੇਅਰਮੈਨ ਬਲਾਕ ਸੰਮਤੀ ਸੜੋਆ ਨੇ ਮਜਾਰੀ ਵਿਖੇ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਇਹ ਭਰਤੀ 18 ਜੂਨ ਤੱਕ ਮੁਕੰਮਲ ਕਰ ਲਈ ਜਾਵੇਗੀ ਤੇ ਜਲਦੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਖ਼ਾਲਸਾ ਪੰਥ ਨੂੰ ਸਮਰਪਿਤ ਨਵਾਂ ਸ਼੍ਰੋਮਣੀ ਅਕਾਲੀ ਦਲ ਹੋਂਦ 'ਚ ਆ ਜਾਵੇਗਾ |