ਨਵਾਂਸ਼ਹਿਰ, 2 ਜੂਨ (ਹਰਮਿੰਦਰ ਸਿੰਘ ਪਿੰਟੂ)-ਇਸ ਖੇਤਰ ਦੇ ਉੱਘੇ ਸਮਾਜ ਸੇਵੀ ਸਵ. ਬਾਬਾ ਨੌਬਤ ਰਾਏ ਦੀ ਗਿਆਰ੍ਹਵੀਂ ਬਰਸੀ ਦੋਆਬਾ ਸੇਵਾ ਸੰਮਤੀ ਦੇ ਪ੍ਰਧਾਨ ਡਾ: ਜਸਵਿੰਦਰ ਸਿੰਘ ਅਤੇ ਜਨਰਲ ਸਕੱਤਰ ਰਤਨ ਕੁਮਾਰ ਜੈਨ ਦੀ ਅਗਵਾਈ ਹੇਠ ਮਨਾਈ ਗਈ | ਰਾਜਾ ਹਸਪਤਾਲ ਦੇ ਮੀਟਿੰਗ ਹਾਲ 'ਚ ਕਰਵਾਏ ਗਏ ਇਸ ਸਮਾਗਮ 'ਚ ਸਭ ਤੋਂ ਪਹਿਲਾਂ ਸਮੂਹ ਮੈਂਬਰਾਂ ਨੇ ਬਾਬਾ ਨੌਬਤ ਰਾਏ ਦੀ ਤਸਵੀਰ 'ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਸਮਾਗਮ 'ਚ ਦੋਆਬਾ ਸੇਵਾ ਸੰਮਤੀ ਦੇ ਮੁਖੀ ਡਾ ਜਸਵਿੰਦਰ ਸਿੰਘ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਕਮਲ ਕੁਮਾਰ ਅਨੇਜਾ, ਮਾਸਟਰ ਹੁਸਨ ਲਾਲ, ਅਸ਼ੋਕ ਸ਼ਰਮਾ ਰਿਟਾਇਰਡ ਬੈਂਕ ਮੈਨੇਜਰ, ਗੁਰਦੀਪ ਸਿੰਘ ਹਾਫ਼ਿਜ਼ਾਬਾਦੀ ਅਤੇ ਗੁਰਮੀਤ ਰਾਮ ਨੇ ਸ਼ਿਰਕਤ ਕੀਤੀ | ਨੌਬਤ ਰਾਏ ਨੂੰ ਇਸ ਖੇਤਰ 'ਚ ਕੀਤੇ ਗਏ ਸੇਵਾ ਕਾਰਜਾਂ ਅਤੇ ਦੋਆਬਾ ਸੇਵਾ ਸੰਮਤੀ ਦੀ ਅਗਵਾਈ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਫੈਸਲਾ ਕੀਤਾ ਗਿਆ ਕਿ ਬਾਬਾ ਨੌਬਤ ਰਾਏ ਦੀ ਯਾਦ ਵਿੱਚ ਇਸ ਇਲਾਕੇ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਇਸ ਮੌਕੇ ਸਮਾਜ ਸੇਵਕ ਰਤਨ ਕੁਮਾਰ ਜੈਨ ਨੇ ਕਿਹਾ ਕਿ ਬਾਬਾ ਨੌਬਤ ਰਾਏ ਵਲੋਂ ਸੇਵਾ ਦੇ ਖੇਤਰ 'ਚ ਪਾਏ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਬਾਬਾ ਨੌਬਤ ਰਾਏ ਦੀ ਯਾਦਗਾਰ ਬਣਾਈ ਜਾਣੀ ਚਾਹੀਦੀ ਹੈ |