ਨਵਾਂਸ਼ਹਿਰ, 3 ਜੂਨ (ਜਸਬੀਰ ਸਿੰਘ ਨੂਰਪੁਰ)-ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਮੀਟਿੰਗ ਦਾਣਾ ਮੰਡੀ ਨਵਾਂਸ਼ਹਿਰ ਵਿਖੇ ਕੀਤੀ ਗਈ | ਜਿਸ ਵਿਚ ਵਿਚਾਰ ਕੀਤਾ ਗਿਆ ਕਿ ਧਰਤੀ ਹੇਠਲੇ ਪਾਣੀ ਦਾ ਭੰਡਾਰ ਖ਼ਤਮ ਹੋਣ ਵੱਲ ਜਾ ਰਿਹਾ ਹੈ | ਜ਼ਿਲ੍ਹਾ ਨਵਾਂਸ਼ਹਿਰ ਦੇ ਵੀ ਸਾਰੇ ਬਲਾਕਾਂ 'ਚ ਪਾਣੀ ਦਾ ਪੱਧਰ ਤਕਰੀਬਨ 100 ਫੁੱਟ ਦੀ ਡੂੰਘਾਈ ਤੱਕ ਚਲਾ ਗਿਆ ਹੈ | ਮਾਹਿਰਾਂ ਅਨੁਸਾਰ ਜ਼ਮੀਨ ਹੇਠਲਾ ਪਾਣੀ 2039 ਤੱਕ ਖ਼ਤਮ ਹੋ ਜਾਵੇਗਾ | ਜਦੋਂ ਭਾਰੀ ਮੀਂਹ ਪੈਂਦੇ ਹਨ ਤਾਂ ਪੰਜਾਬ 'ਚ ਹੜ੍ਹ ਆ ਜਾਂਦੇ ਹਨ ਤਾਂ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਝੱਲਣਾ ਪੈਂਦਾ ਹੈ ਪਰ ਲੋੜ ਵੇਲੇ ਲੋਕਾਂ ਨੂੰ ਪਾਣੀ ਨਹੀਂ ਮਿਲਦਾ | ਝੋਨੇ ਦੀ ਲਵਾਈ ਪੰਜਾਬ ਵਿੱਚ ਸ਼ੁਰੂ ਹੋ ਗਈ ਹੈ, ਪਰ ਪੰਜਾਬ ਦੀਆਂ ਨਹਿਰਾਂ 'ਚ ਪਾਣੀ ਨਹੀਂ ਛੱਡਿਆ ਗਿਆ | ਸਮਾਂ ਮੰਗ ਕਰਦਾ ਹੈ ਕਿ ਜ਼ਿਲ੍ਹਾ ਨਵਾਂਸ਼ਹਿਰ ਦੇ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚੇ | ਪਰ ਅੱਜ ਤੱਕ ਨਾ ਤਾਂ ਜ਼ਮੀਨ ਥੱਲੇ ਪਾਈਪ ਲਾਈਨਾਂ ਵਿਛਾਈਆਂ ਗਈਆਂ ਹਨ ਨਾ ਹੀ ਹਰ ਖੇਤ ਤੱਕ ਨਹਿਰੀ ਖਾਲ਼ੇ ਹਨ | ਜ਼ਿਲ੍ਹਾ ਨਵਾਂਸ਼ਹਿਰ ਦੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਹਰੇਕ ਖੇਤ ਤੱਕ ਪਾਣੀ ਪਹੁੰਚੇ ਇਸ ਲਈ 5 ਜੂਨ ਦਿਨ ਵੀਰਵਾਰ ਠੀਕ 12 ਵਜੇ ਨਹਿਰੀ ਵਿਭਾਗ ਦੇ ਬੰਗਲਾ ਦਫ਼ਤਰ ਰਾਹੋਂ ਰੋਡ 'ਤੇ ਪਹੁੰਚੋ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਇਲਾਕਾ ਪ੍ਰਧਾਨ ਨਵਾਂਸ਼ਹਿਰ ਕੁਲਬੀਰ ਸਿੰਘ ਸ਼ਾਹਪੁਰ, ਬੰਗਾ ਦੇ ਗੁਰਦੇਵ ਸਿੰਘ ਚੌਹੜ, ਔੜ ਦੇ ਸੁਰਿੰਦਰ ਸਿੰਘ ਮਹਿਰਮਪੁਰ, ਸੋਹਣ ਸਿੰਘ ਅਟਵਾਲ, ਬਿੱਕਰ ਸਿੰਘ, ਅਵਤਾਰ ਸਿੰਘ, ਜੀਵਨ ਬੇਗੋਵਾਲ, ਚਰਨਜੀਤ ਸਿੰਘ, ਕਸ਼ਮੀਰ ਸਿੰਘ, ਤਾਰਾ ਸਿੰਘ, ਰਾਮਜੀ ਦਾਸ, ਮੱਖਣ ਸਿੰਘ ਭਾਨਮਜਾਰਾ ਅਤੇ ਅਜੋਧ ਸਿੰਘ ਆਦਿ ਹਾਜ਼ਰ ਸਨ |