ਸੜੋਆ, 29 ਅਗਸਤ (ਪੱਤਰ ਪ੍ਰੇਰਕ)-ਕੁਝ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈਣ ਕਰਕੇ ਇਲਾਕੇ ਦੀਆਂ ਸੜਕਾਂ 'ਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਰਕੇ ਤਲਾਬ ਦਾ ਰੂਪ ਧਾਰ ਲਿਆ ਹੈ | ਜ਼ਕਰਯੋਗ ਹੈ ਕਿ ਇਹ ਸੜਕ ਪਿੰਡ ਰੋਡ ਮਜਾਰਾ ਤੋਂ ਹੁੰਦੇ ਹੋਏ ਵਾਇਆ ਸਹੂੰਗੜਾ, ਚੱਕ ਗੁਜਰਾ, ਸਮੁੰਦੜਾ, ਸਵੀਟ ਹਾਈਵੇ ਚੰਡੀਗੜ੍ਹ ਨੂੰ ਜਾ ਮਿਲਦੀ ਹੈ | ਇਹ ਸੜਕ ਪੰਜਾਬ ਦੇ ਨਾਮਵਰ ਕਾਂਗਰਸੀ ਲੀਡਰ ਸਵ. ਦਿਲਬਾਗ ਸਿੰਘ ਨਵਾਂਸ਼ਹਿਰ ਵਾਲਿਆਂ ਨੇ ਕਾਂਗਰਸ ਸਰਕਾਰ ਵੇਲੇ ਬਣਾਈ ਸੀ | ਸਰਕਾਰਾਂ ਬਦਲੀਆਂ ਗਈਆਂ ਅਕਾਲੀ ਸਰਕਾਰ ਆਈ ਉਨ੍ਹਾਂ ਨੇ ਵੀ ਰਿਪੇਅਰ ਕਰਕੇ ਲੋਕਾਂ ਨੂੰ ਲੰਘਣ ਯੋਗ ਸੜਕ ਬਣਾਈ | ਇਸ ਸੜਕ ਦਾ ਅੱਧਾ ਟੋਟਾ ਗੜ੍ਹਸ਼ੰਕਰ ਮੰਡੀ ਬੋਰਡ ਵਿਚ ਪੈਂਦਾ ਹੈ ਅਤੇ ਅੱਧਾ ਟੋਟਾ ਬਲਾਚੌਰ ਮੰਡੀ ਬੋਰਡ ਵਿਚ ਪੈਂਦਾ ਹੋਣ ਕਰਕੇ ਇਸ ਸੜਕ ਦੀ ਇੰਨੀ ਮਾੜੀ ਹਾਲਤ ਹੋ ਚੁੱਕੀ ਹੈ ਕਿ ਦੋਨੋਂ ਪਾਸੇ ਦੇ ਅਧਿਕਾਰੀ ਅੱਖਾਂ ਮੀਚੀ ਬੈਠੇ ਹਨ ਅਤੇ ਲੋਕ ਇਸ ਗੰਦੇ ਪਾਣੀ 'ਚੋਂ ਲੰਘ ਕੇ ਪ੍ਰੇਸ਼ਾਨ ਹੋ ਰਹੇ ਹਨ | ਕਈ ਵਾਰ ਪਹਿਲਾਂ ਵੀ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਹੈ ਉਨ੍ਹਾਂ ਨੇ ਵੀ ਹਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ | ਇਹ ਸੜਕ ਬਾਰੇ ਦੋ ਕੁ ਮਹੀਨੇ ਪਹਿਲਾਂ ਸੜੋਆ ਵਿਖੇ ਸਰਪੰਚਾਂ ਨਾਲ ਸੰਗਤ ਦਰਸ਼ਨ ਕਰਨ ਆਏ ਹਲਕੇ ਦੀ ਵਿਧਾਇਕਾ ਮੈਡਮ ਸੰਤੋਸ਼ ਕਟਾਰੀਆ ਦੇ ਧਿਆਨ 'ਚ ਲਿਆਂਦਾ ਕਿ ਸੜਕ ਵਿਚ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਇਸ ਵੱਲ ਧਿਆਨ ਦਿੱਤਾ ਜਾਵੇ | ਇਲਾਕੇ ਦੇ ਦੋਨਾਂ ਪਿੰਡਾਂ ਦੇ ਮੁਹਤਬਰਾਂ ਨੇ ਗੱਲ ਕਰਦਿਆਂ ਦੱਸਿਆ ਕਿ ਅਗਰ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੌੜੀ ਤੇ ਹਲਕਾ ਬਲਾਚੌਰ ਦੇ ਵਿਧਾਇਕ ਮੈਡਮ ਸੰਤੋਸ਼ ਕਟਾਰੀਆ ਇਸ ਸੜਕ ਨੂੰ ਨਹੀਂ ਬਣਾ ਸਕਦੇ ਤਾਂ ਅਸੀਂ ਕਾਰ ਸੇਵਾ ਵਾਲੇ ਅਨੰਦਪੁਰ ਸਾਹਿਬ ਵਾਲੇ ਬਾਬਾ ਸਤਨਾਮ ਸਿੰਘ ਹੁਣਾਂ ਅੱਗੇ ਬੇਨਤੀ ਕਰਾਂਗੇ ਕਿ ਦੋਨਾਂ ਪਿੰਡਾਂ ਨੂੰ ਨਰਕ 'ਚੋਂ ਕੱਢਣ ਲਈ ਇਸ ਸੜਕ ਨੂੰ ਉੱਚਾ ਕਰਕੇ ਤੇ ਬਰਮਾਂ ਦੇ ਆਲੇ ਦੁਆਲੇ ਲਗਾਈਆਂ ਹੋਈਆਂ ਵੱਟਾਂ ਨੂੰ ਇਕ ਸਾਰ ਕਰਕੇ ਸੜਕ ਬਣਾਉਣ ਦੀ ਬੇਨਤੀ ਕਰਾਂਗੇ | ਕੁਝ ਵਿਅਕਤੀਆਂ ਵਲੋਂ ਦੱਸਿਆ ਗਿਆ ਹੈ ਕਿ ਦੋਨਾਂ ਜ਼ਿਲਿ੍ਹਆਂ ਦੀ ਵੱਟਾਂ ਬੰਦੀ ਹੱਦ ਹੋਣ ਕਰਕੇ ਇਹ ਸੜਕ ਵੱਲ ਨਾ ਹੀ ਐਕਸੀਅਨ ਹੁਸ਼ਿਆਰਪੁਰ ਤੇ ਨਾ ਹੀ ਐਕਸੀਅਨ ਨਵਾਂਸ਼ਹਿਰ ਵੀ ਧਿਆਨ ਨਹੀਂ ਦੇ ਰਹੇ ਹਨ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਪੀ. ਡਬਲਿਊ. ਡੀ. ਮੰਤਰੀ ਕੋਲੋਂ ਮੰਗ ਕੀਤੀ ਹੈ ਕਿ ਇਸ ਅੱਧਾ ਕਿਲੋਮੀਟਰ ਟੋਟੇ ਨੂੰ ਜਲਦੀ ਬਣਾਇਆ ਜਾਵੇ ਅਤੇ ਨਾਲ ਸੜਕਾਂ ਦੇ ਬਰਮਾਂ ਨੂੰ ਵੀ ਪੂਰਾ ਕੀਤਾ ਜਾਵੇ |