ਕਾਠਗੜ੍ਹ, 1 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਸਤਲੁਜ ਦਰਿਆ ਦੇ ਕੰਢੇ 'ਤੇ ਸਥਿਤ ਗੁਰਦੁਆਰਾ ਟਿੱਬੀ ਸਾਹਿਬ ਹੈੱਡ ਦਰਬਾਰ ਆਸਰੋਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਅਵਤਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੜ੍ਹਾਂ ਦੀ ਮਾਰ ਹੇਠ ਆਏ ਇਲਾਕਿਆਂ ਲਈ ਗੁਰੂ ਘਰ ਵਲੋਂ ਸਹਾਇਤਾ ਸਮੱਗਰੀ ਭੇਜਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ 1 ਸਤੰਬਰ ਨੂੰ ਸਵੇਰੇ 8 ਵਜੇ ਗੁਰਦੁਆਰਾ ਟਿੱਬੀ ਸਾਹਿਬ ਤੋਂ 1200 ਕੁਇੰਟਲ ਪਸ਼ੂਆਂ ਦਾ ਚਾਰਾ, ਅਚਾਰ, ਬੱਚਿਆਂ ਲਈ ਦੁੱਧ, ਬਿਸਕੁਟ, ਸੁੱਕੀ ਰਸਤ, ਇਕ ਕਿਸ਼ਤੀ ਹੜ੍ਹ ਪੀੜਤ ਇਲਾਕਿਆਂ ਵੱਲ ਰਵਾਨਾ ਕੀਤੀ ਜਾਵੇਗੀ | ਇਹ ਪਹਿਲੀ ਖੇਪ ਰਾਮਦਾਸ ਤੇ ਡੇਰਾ ਬਾਬਾ ਨਾਨਕ ਇਲਾਕੇ ਵੱਲ ਭੇਜੀ ਜਾ ਰਹੀ ਹੈ | ਉਸ ਤੋਂ ਬਾਅਦ ਹੋਰ ਪ੍ਰਭਾਵਿਤ ਇਲਾਕਿਆਂ ਵਿਚ ਵੀ ਸੇਵਾ ਭੇਜੀ ਜਾਵੇਗੀ | ਸੰਤ ਬਾਬਾ ਅਵਤਾਰ ਸਿੰਘ ਨੇ ਕਿਹਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਗੁਰੂਘਰ ਨੇ ਆਪਣਾ ਧਰਮ ਨਿਭਾਇਆ ਹੈ | ਸਾਨੂੰ ਯਕੀਨ ਹੈ ਕਿ ਇਹ ਛੋਟੀ ਜਿਹੀ ਕੋਸ਼ਿਸ਼ ਹੜ੍ਹ ਨਾਲ ਪ੍ਰਭਾਵਿਤ ਭਰਾ-ਭੈਣਾਂ ਨੂੰ ਕੁਝ ਸਹਾਰਾ ਤੇ ਹੌਸਲਾ ਦੇਵੇਗੀ | ਉਨ੍ਹਾਂ ਸੂਬੇ ਦੇ ਸਾਰੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਜੋ ਵੀ ਸੇਵਾ ਵਿਚ ਹਿੱਸਾ ਪਾਉਣਾ ਚਾਹੁੰਦੇ ਹਨ, ਉਹ ਕਦੇ ਵੀ ਸ਼ਾਮਿਲ ਹੋ ਸਕਦੇ ਹਨ | ਇਹ ਸੇਵਾ ਕੱਲ੍ਹ ਤੋਂ ਆਰੰਭ ਹੋਵੇਗੀ ਤੇ ਜ਼ਰੂਰਤ ਮੁਤਾਬਕ ਮੁੜ-ਮੁੜ ਭੇਜੀ ਜਾਵੇਗੀ |