ਬਲਾਚੌਰ, 5 ਸਤੰਬਰ (ਨਰੇਸ਼ ਧੌਲ)-ਪੰਜਾਬ ਦੇ ਬਹੁ ਗਿਣਤੀ ਜ਼ਿਲਿ੍ਹਆਂ ਅੰਦਰ ਆਏ ਭਿਆਨਕ ਹੜ੍ਹਾਂ ਕਾਰਨ ਜਿਥੇ ਸਥਿਤੀ ਬਹੁਤ ਹੀ ਨਾਜ਼ੁਕ ਅਤੇ ਗੰਭੀਰ ਬਣੀ ਹੋਈ ਹੈ ਉਥੇ ਤਹਿਸੀਲ ਬਲਾਚੌਰ ਦੇ ਪਿੰਡ ਬੰਗਾ ਬੇਟ ਵਿਖੇ ਵੀ ਕੁਝ ਕਿਸਾਨਾਂ ਦੀਆਂ ਜ਼ਮੀਨਾਂ ਤੇ ਪਾਪੂਲਰ ਦੇ ਬੂਟੇ ਹੜ੍ਹ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ | ਜਾਣਕਾਰੀ ਦਿੰਦਿਆਂ ਹੋਇਆਂ ਸਰਪੰਚ ਮੇਹਰ ਚੰਦ, ਮੋਹਨ ਲਾਲ, ਅਸ਼ੀਸ਼ ਰਾਮ, ਲਸ਼ਮਣ ਦਾਸ, ਰਜਿੰਦਰ ਕੁਮਾਰ, ਲਵਲੀ ਕੁਮਾਰ, ਕਰਮਜੀਤ ਸਿੰਘ, ਬਲਵੀਰ ਸਿੰਘ, ਜਸਵੀਰ ਸਿੰਘ, ਰਾਮ ਕਿਸ਼ਨ, ਹਰਬੰਸ ਸਿੰਘ ਆਦਿ ਨੇ ਦੱਸਿਆ ਕਿ ਭਾਰੀ ਹੜ੍ਹ ਆ ਜਾਣ ਕਾਰਨ ਵੱਖ-ਵੱਖ ਕਿਸਾਨਾਂ ਦੇ ਬਹੁ ਗਿਣਤੀ ਖੇਤ ਤੇ ਪਪੂਲਰਾਂ ਦੇ ਬੂਟੇ ਲਪੇਟ ਵਿਚ ਆ ਗਏ | ਉਨ੍ਹਾਂ ਕਿਹਾ ਕਿ ਜਿੱਥੇ ਜ਼ਮੀਨ, ਫ਼ਸਲ ਦਾ ਨੁਕਸਾਨ ਹੋ ਗਿਆ ਹੈ ਉਥੇ ਲੱਖਾਂ ਰੁਪਏ ਦੇ ਪਪੂਲਰ ਬੂਟੇ ਜੋ ਕਿ ਕਟਾਈ ਲਈ ਤਿਆਰ ਸਨ ਵੀ ਹੜ੍ਹ ਦੀ ਭੇਟ ਚੜ੍ਹ ਗਏ | ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹੋਏ ਨੁਕਸਾਨ ਦਾ ਮੁਆਵਜ਼ਾ ਪਹਿਲ ਦੇ ਅਧਾਰ 'ਤੇ ਦਿੱਤਾ ਜਾਵੇ | ਪ੍ਰਸ਼ਾਸਨ ਵਲੋਂ ਇਸ ਮੌਕੇ ਗੁਰਵਿੰਦਰ ਸਿੰਘ ਪਟਵਾਰੀ ਨੂੰ ਵਿਸ਼ੇਸ਼ ਤੌਰ 'ਤੇ ਭੇਜਿਆ, ਜਿਨ੍ਹਾਂ ਨੇ ਦੱਸਿਆ ਕਿ ਪਾਣੀ ਘੱਟ ਜਾਣ ਉਪਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਛੇਤੀ ਹੀ ਦਿਵਾਇਆ ਜਾਵੇਗਾ |