ਵੱਖ-ਵੱਖ ਸੜਕ ਹਾਦਸਿਆਂ ’ਚ 3 ਦੀ ਮੌਤ
ਹੁਸ਼ਿਆਰਪੁਰ, 16 ਨਵੰਬਰ (ਬਲਜਿੰਦਰਪਾਲ ਸਿੰਘ)-ਵੱਖ-ਵੱਖ ਸੜਕ ਹਾਦਸਿਆਂ ’ਚ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨੇ ਮਾਮਲੇ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰ ਲਿਆ ਹੈ।
ਹੁਸ਼ਿਆਰਪੁਰ, 16 ਨਵੰਬਰ (ਬਲਜਿੰਦਰਪਾਲ ਸਿੰਘ)-ਵੱਖ-ਵੱਖ ਸੜਕ ਹਾਦਸਿਆਂ ’ਚ 3 ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਤਿੰਨੇ ਮਾਮਲੇ ਦਰਜ ਕਰਕੇ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰ ਲਿਆ ਹੈ। ਜਾਣਕਾਰੀ ਅਨੁਸਾਰ ਪਿੰਕੀ ਦੇਵੀ ਪਤਨੀ ਅਜੇ ਕੁਮਾਰ ਵਾਸੀ ਬੰਗਾ ਰੋਡ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਮਾਹਿਲਪੁਰ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੇ ਪਤੀ ਨਾਲ ਦਵਾਈ ਲੈ ਕੇ ਵਾਪਸ ਆ ਰਹੀ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਬੱਡੋਆਣ ਦੇ ਕੋਲ ਪਹੁੰਚੇ ਤਾਂ ਗੜ੍ਹਸ਼ੰਕਰ ਵੱਲੋਂ ਆ ਰਹੀ ਇਕ ਬੱਸ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ, ਜਿਸਦੇ ਚੱਲਦਿਆਂ ਉਹ ਦੋਵੇਂ ਡਿਗ ਗਏ। ਉਸਨੇ ਦੱਸਿਆ ਕਿ ਰਾਹਗੀਰਾਂ ਨੇ ਉਨ੍ਹਾਂ ਨੂੰ ਮਾਹਿਲਪੁਰ ਦੇ ਹਸਪਤਾਲ ’ਚ ਦਾਖਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਸਦੇ ਪਤੀ ਦੀ ਮੌਤ ਹੋ ਗਈ। ਪੁਲਿਸ ਨੇ ਕਥਿਤ ਦੋਸ਼ੀ ਡਰਾਈਵਰ ਜਤਿੰਦਰ ਸਿੰਘ ਵਾਸੀ ਸ਼ਹੀਦ ਭਗਤ ਸਿੰਘ ਨਗਰ ਨੂੰ ਨਾਮਜ਼ਦ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਫਦਮਾ ਦੇ ਵਾਸੀ ਮਾਨ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਭਰਾ ਸਤਪਾਲ ਸਿੰਘ ਨਰਿੰਦਰ ਸਿੰਘ ਦੇ ਨਾਲ ਮੋਟਰਸਾਈਕਲ ’ਤੇ ਹੁਸ਼ਿਆਰਪੁਰ ਤੋਂ ਮੇਹਟੀਆਣਾ ਵੱਲ ਨੂੰ ਆ ਰਹੇ ਸਨ। ਉਸਨੇ ਦੱਸਿਆ ਕਿ ਰਸਤੇ ’ਤੇ ਇਕ ਸਕਾਰਪਿਓ ਗੱਡੀ ਦੇ ਡਰਾਈਵਰ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਉਸ ਨੇ ਦੱਸਿਆ ਕਿ ਉਕਤ ਸੜਕ ਹਾਦਸੇ ’ਚ ਉਨ੍ਹਾਂ ਦੇ ਭਰਾ ਦੀ ਮੌਤ ਹੋ ਗਈ। ਮੇਹਟੀਆਣਾ ਪੁਲਿਸ ਨੇ ਉਕਤ ਦੋਸ਼ੀ ਡਰਾਈਵਰ ਹਰਸਿਮਰਨਜੀਤ ਸਿੰਘ ਵਾਸੀ ਪਿੰਡ ਕੁਤਬਾਂ ਜ਼ਿਲ੍ਹਾ ਬਰਨਾਲਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਤਰ੍ਹਾਂ ਪਿੰਡ ਜੰਡੋਲੀ ਦੇ ਵਾਸੀ ਹਰਬੰਸ ਲਾਲ ਨੇ ਚੱਬੇਵਾਲ ਦੀ ਪੁਲਿਸ ਨੂੰ ਦੱਸਿਆ ਕਿ ਉਸ ਦਾ ਭਤੀਜਾ ਕਸ਼ਮੀਰ ਸਿੰਘ ਪੁੱਤਰ ਹਰੀਪਾਲ ਮੋਟਰਸਾਈਕਲ ’ਤੇ ਸੀ। ਇਸ ਦੌਰਾਨ ਉਸਦੇ ਅੱਗੇ ਜਾ ਰਹੇ ਟਰੈਕਟਰ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਉਸਦੇ ਦੱਸਿਆ ਕਿ ਟਰਾਲੀ ’ਤੇ ਰਿਫ਼ਲੈਕਟਰ ਨਾ ਲੱਗੇ ਹੋਣ ਦੇ ਚੱਲਦਿਆਂ ਉਸਦੇ ਭਤੀਜੇ ਦੀ ਮੋਟਰਸਾਈਕਲ ਟਰਾਲੀ ਨਾਲ ਟਕਰਾ ਗਈ। ਸੜਕ ਹਾਦਸੇ ’ਚ ਗੰਭੀਰ ਰੂਪ ’ਚ ਜ਼ਖਮੀ ਹੋਏ ਕਸ਼ਮੀਰ ਸਿੰਘ ਦੀ ਹਸਪਤਾਲ ਲਿਜਾਉਂਦੇ ਹੋਏ ਰਸਤੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਕਥਿਤ ਦੋਸ਼ੀ ਡਰਾਈਵਰ ਸਰਬਜੋਤ ਸਿੰਘ ਵਾਸੀ ਸਰਾਈਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।