ਕਟਾਰੀਆਂ, 26 ਸਤੰਬਰ (ਪ੍ਰੇਮੀ ਸੰਧਵਾਂ)-ਸੀਨੀਅਰ 'ਆਪ' ਆਗੂ ਤੇ ਸਰਕਲ ਪ੍ਰਧਾਨ ਜਗਜੀਤ ਸਿੰਘ ਬਲਾਕੀਪੁਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੰਗਾ ਮਾਰਕੀਟ ਕਮੇਟੀ ਅਧੀਨ ਆਉਂਦੀ ਦਾਣਾ ਮੰਡੀ ਮਕਸੂਦਪੁਰ ਸੂੰਢ ਵਿਖੇ ਮਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਵਲੋਂ ਸਰਕਾਰੀ ਝੋਨੇ ਦੀ ਖਰੀਦ ਪਿਛਲੇ ਦਿਨਾਂ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਪਰ ਮਕਸੂਦਪੁਰ ਸੂੰਢ ਮੰਡੀ 'ਚ ਅਕਸਰ ਹੀ ਝੋਨੇ ਦੀ ਆਮਦ 4- 5 ਤਰੀਕ ਨੂੰ ਆਉਣੀ ਸ਼ੁਰੂ ਹੁੰਦੀ ਹੈ | ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਹਰੇ ਝੋਨੇ ਦੀ ਫਸਲ ਕਟਾ ਕੇ ਮੰਡੀ 'ਚ ਲਿਆਉਣ ਤੋਂ ਗੁਰੇਜ਼ ਕਰਨ, ਸਗੋਂ ਪੂਰੀ ਤਰ੍ਹਾਂ ਨਾਲ ਪੱਕ ਚੁੱਕੀ ਝੋਨੇ ਦੀ ਫ਼ਸਲ ਦੀ ਕਟਾਈ ਕਰਵਾ ਕੇ ਮੰਡੀ ਲਿਆਉਣ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਝੱਲਣੀ ਪਵੇ | ਇਸ ਮੌਕੇ ਪਰਮਿੰਦਰ ਸਿੰਘ ਬੋਇਲ ਸਾਬਕਾ ਸਰਪੰਚ ਮਕਸੂਦਪੁਰ, ਪ੍ਰਧਾਨ ਸੁਲੱਖਣ ਸਿੰਘ ਬੋਇਲ, ਗੁਰਜੀਤ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ ਬੋਇਲ ਆਦਿ ਹਾਜ਼ਰ ਸਨ |