ਨਵਾਂਸ਼ਹਿਰ, 19 ਅਕਤੂਬਰ (ਜਸਬੀਰ ਸਿੰਘ ਨੂਰਪੁਰ)-ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਯਾਦ 'ਚ ਖਟਕੜਕਲਾਂ ਵਿਖੇ ਬਣਾਏ ਜਾ ਰਹੇ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਦਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਜਿਸ ਦਾ 28 ਸਤੰਬਰ ਨੂੰ ਨੀਂਹ ਪੱਥਰ ਰੱਖਿਆ ਗਿਆ ਅਤੇ ਉਸ ਦਾ ਕੰਮ 16 ਜੂਨ ਨੂੰ ਇਨੋਵੈਂਟੀਵਿਊ ਟੈਕਨੌਲੋਜੀ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਸ਼ੁਰੂ ਕੀਤਾ ਗਿਆ | ਦੱਸਿਆ ਜਾ ਰਿਹਾ ਹੈ ਕਿ 16 ਮਾਰਚ ਤੱਕ ਇਸ ਪ੍ਰਾਜੈਕਟ ਦਾ ਕੰਮ ਮੁਕੰਮਲ ਕੀਤਾ ਜਾਵੇਗਾ, ਜਿਸ ਦਾ ਉਦਘਾਟਨ 23 ਮਾਰਚ ਨੂੰ ਹੋਣ ਦੀ ਸੰਭਾਵਨਾ ਹੈ | ਦੱਸਿਆ ਜਾ ਰਿਹਾ ਕਿ ਇਸ ਵੱਡੇ ਪ੍ਰਾਜੈਕਟ ਵਿਚ ਮੁੱਖ ਮਾਰਗ 'ਤੇ ਸ਼ਹੀਦ ਭਗਤ ਸਿੰਘ ਦੇ ਸਮਾਰਕ ਨੂੰ ਜਾਣ ਲਈ ਵੱਡਾ ਗੇਟ ਬਣਾਇਆ ਜਾ ਰਿਹਾ ਹੈ | ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਅਜਾਇਬ ਘਰ ਤੋਂ ਅੱਗੇ ਪਹਿਲੇ ਪੜਾਅ ਦਾ ਕੰਮ 51.7 ਕਰੋੜ ਦੀ ਲਾਗਤ ਨਾਲ ਕੀਤਾ ਜਾਵੇਗਾ, ਜਿਸ 'ਚ ਸ਼ਹੀਦ ਭਗਤ ਸਿੰਘ ਦੀ ਜੀਵਨੀ ਨਾਲ ਸੰਬੰਧਿਤ ਬੁੱਤ ਬਣਾਏ ਜਾਣਗੇ ਤੇ ਉਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦਾ ਪਾਕਿਸਤਾਨ ਵਿਚਲਾ ਪੁਰਾਣਾ ਘਰ ਵੀ ਬਣਾਇਆ ਜਾਵੇਗਾ | ਇਸ ਵਿਰਾਸਤੀ ਕੰਪਲੈਕਸ ਵਿਚ ਛੱਪੜ, ਟੋਭੇ ਤੇ ਪੁਰਾਣੀਆਂ ਸੱਥਾਂ ਵੀ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ | ਪੁਰਾਣੇ ਰੂਪ ਵਿਚ ਪੁਰਾਣੇ ਘਰਾਂ ਦੇ ਦਰਵਾਜ਼ੇ ਤੇ ਪੁਰਾਣਾ ਸਾਮਾਨ ਚਰਖੇ, ਪੀੜੀਆਂ, ਮੂੜੇ੍ਹ, ਹਲ, ਜਿੰਦਰੇ, ਬਲਦਾਂ ਦੀਆਂ ਪੰਜਾਲੀਆਂ ਆਦਿ ਵੀ ਦਰਸਾਈਆਂ ਜਾਣਗੀਆਂ, ਤਾਂ ਕਿ ਆਉਣ ਵਾਲੀ ਪੀੜੀ ਨੂੰ ਆਪਣੇ ਵਿਰਸੇ ਦਾ ਵੀ ਪਤਾ ਲੱਗ ਸਕੇ | ਸ਼ਹੀਦ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਵੱਖ-ਵੱਖ ਪੜਾਵਾਂ 'ਚ ਯਾਦਗਾਰਾਂ ਕਾਇਮ ਕੀਤੀਆਂ ਜਾਣਗੀਆਂ ਤਾਂ ਕਿ ਨੌਜਵਾਨ ਪੀੜੀ ਨੂੰ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਤੇ ਉਨ੍ਹਾਂ ਦੀ ਜੀਵਨੀ ਬਾਰੇ ਪਤਾ ਲੱਗ ਸਕੇ | ਇਹ ਵਿਰਾਸਤੀ ਕੰਪਲੈਕਸ ਸ਼ਹੀਦ ਭਗਤ ਸਿੰਘ ਦੇ ਬੁੱਤ ਤੋਂ ਮੇਨ ਰੋਡ ਤੋਂ ਸ਼ੁਰੂ ਹੋ ਕੇ ਸ਼ਹੀਦ ਭਗਤ ਸਿੰਘ ਦੇ ਘਰ ਤੱਕ ਇਹ ਸਮਾਰਕ ਮੁਕੰਮਲ ਹੋਵੇਗਾ, ਜਿਸ ਦਾ ਦਾਖਲਾ ਮੁੱਖ ਮਾਰਗ ਤੋਂ ਹੋਵੇਗਾ | ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਪੁਰਾਣੇ ਘਰ ਦੀ ਦਿੱਖ ਨੂੰ ਪਹਿਲਾਂ ਦੀ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ | ਉਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਦੇ ਸਮੇਂ ਦੇ ਹਾਲਾਤਾਂ ਨੂੰ ਦਰਸਾਉਂਦੀਆਂ ਚਿੱਤਰਕਾਰੀਆਂ ਵੀ ਕੀਤੀਆਂ ਜਾਣਗੀਆਂ | ਪ੍ਰਬੰਧਕਾਂ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਸਮਾਰਕ ਦਾ ਕੰਮ ਇਸ ਸਮੇਂ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ, ਇਹ ਕੰਮ 16 ਮਾਰਚ ਤੱਕ ਮੁਕੰਮਲ ਕਰਨ ਦਾ ਟੀਚਾ ਹੈ | ਉਨ੍ਹਾਂ ਦੱਸਿਆ ਕਿ ਮੁੱਖ ਮਾਰਗ 'ਤੇ ਵੱਡੇ ਗੇਟ ਦੀ ਸ਼ੁਰੂਆਤ ਕੀਤੀ ਗਈ ਹੈ | ਉਸ ਤੋਂ ਇਲਾਵਾ ਪਹਿਲੇ ਪੜਾਅ ਵਾਲੇ ਕੰਮ ਲਈ ਇਮਾਰਤ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ | ਕੇਂਦਰ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਟੂਰਿਜ਼ਮ ਤੇ ਕਲਚਰਲ ਅਫੇਅਰ ਪੰਜਾਬ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਹੈਰੀਟੇਜ ਕੰਪਲੈਕਸ ਬਣਾਇਆ ਜਾ ਰਿਹਾ
ਖਟਕੜ ਕਲਾਂ 'ਚ 51.70 ਕਰੋੜ ਦੀ ਲਾਗਤ ਨਾਲ ਮੁਕੰਮਲ ਹੋਵੇਗਾ ਯਾਦਗਾਰੀ ਵਿਰਾਸਤੀ ਕੰਪਲੈਕਸ
ਅਜੀਤ ਡੈਸਕ
20-10-2025