ਰਾਹੋਂ, 5 ਦਸੰਬਰ (ਉਂਕਾਰ ਸਿੰਘ ਰਾਠੋਰ) - ਨਗਰ ਕੌਂਸਲ ਰਾਹੋਂ ਵਲੋਂ ਲੰਬੇ ਸਮੇਂ ਤੋਂ ਅਟਕੇ ਆ ਰਹੇ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਫਿਲੌਰ ਰੋਡ, ਰਾਹੋਂ ਦੇ ਪਾਣੀ ਦੀ ਨਿਕਾਸੀ ਦੇ ਮਸਲੇ ਨੂੰ ਹੱਲ ਕਰਨ ਲਈ ਅਤੇ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਜਾਰੀ ਰੱਖਣ ਲਈ ਕੌਂਸਲ ਦੇ ਅਧਿਕਾਰੀਆਂ ਦੀ ਨਿਗਰਾਨੀ 'ਚ ਜੇ.ਸੀ.ਬੀ ਮਸ਼ੀਨ ਲਗਵਾ ਕੇ ਗੰਦੇ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ | ਜਿਸ ਦੀ ਸਫਾਈ ਕਰਦੇ ਹੋਏ ਨਾਲੇ ਉੱਪਰ ਕੀਤੀਆਂ ਨਾਜ਼ਾਇਜ ਉਸਾਰੀਆਂ ਨੂੰ ਹਟਾਇਆ ਗਿਆ | ਸਵੇਰ ਤੋਂ ਹੀ ਨਗਰ ਕੌਂਸਲ ਦੇ ਅਧਿਕਾਰੀ ਉੱਥੇ ਮੌਕੇ 'ਤੇ ਮੌਜੂਦ ਰਹੇ ਅਤੇ ਆਪਣੀ ਨਿਗਰਾਨੀ 'ਚ ਉਨ੍ਹਾਂ ਨਾਲੇ ਦੀ ਸਫ਼ਾਈ ਦਾ ਕੰਮ ਸ਼ੁਰੂ ਕਰਵਾਇਆ ਅਤੇ ਨਾਲੇ 'ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ | ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇਹ ਮੁਹੱਲਾ ਨਿਵਾਸੀ ਗਲੀਆਂ ਨਾਲੀਆਂ ਵਿੱਚ ਪਾਣੀ ਭਰਿਆ ਰਹਿਣ ਕਾਰਨ ਸਮੱਸਿਆ ਨਾਲ ਜੂਝ ਰਹੇ ਹਨ | ਕਿਉਂਕਿ ਬਰਸਾਤੀ ਪਾਣੀ ਅਤੇ ਘਰੇਲੂ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਮੁਹੱਲੇ ਅਤੇ ਗਲੀਆਂ 'ਚ ਖੜਿ੍ਹਆ ਰਹਿੰਦਾ ਹੈ | ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲ ਆਉਂਦੀ ਹੈ | ਦੱਸਣਯੋਗ ਹੈ ਕਿ ਮੁਹੱਲਾ ਨਿਵਾਸੀ ਪਾਣੀ ਦੀ ਨਿਕਾਸੀ ਨੂੰ ਲੈਕੇ ਕਈ ਵਾਰ ਨਗਰ ਕੌਂਸਲ ਰਾਹੋਂ ਦੇ ਖਿਲਾਫ ਪ੍ਰਦਰਸ਼ਨ ਵੀ ਕਰ ਚੁੱਕੇ ਹਨ | ਬੀਤੇ ਦਿਨ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਰਾਹੋਂ ਤੋਂ ਕਾਰਜ ਸਾਧਕ ਅਫਸਰ ਮਨੀਸ਼ ਕੁਮਾਰ ਵਲੋਂ ਮੁਹੱਲੇ ਦਾ ਮੌਕੇ 'ਤੇ ਦੌਰਾ ਕੀਤਾ ਅਤੇ ਉਨ੍ਹਾਂ ਨਿਕਾਸੀ ਨਾਲੇ ਦੇ ਕੰਮ ਦਾ ਜਾਇਜ਼ਾ ਲਿਆ | ਉਨ੍ਹਾਂ ਮੌਕੇ 'ਤੇ ਅਧਿਕਾਰੀਆਂ ਨੂੰ ਨਾਲੇ ਦੀ ਸਫਾਈ ਅਤੇ ਪਾਣੀ ਦੀ ਨਿਕਾਸੀ ਦਾ ਕੰਮ ਛੇਤੀ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ | ਜਿਸ ਨੂੰ ਦੇਖਦੇ ਹੋਏ ਕੌਂਸਲ ਅਧਿਕਾਰੀਆਂ ਵਲੋਂ ਸਫਾਈ ਦਾ ਕੰਮ ਜ਼ੋਰਾਂ 'ਤੇ ਆਰੰਭ ਕਰਵਾਇਆ ਗਿਆ | ਜਿਸ 'ਤੇ ਮੁਹੱਲਾ ਨਿਵਾਸੀਆਂ ਨੂੰ ਥੋੜ੍ਹੀ ਪਾਣੀ ਦੀ ਨਿਕਾਸੀ ਨੂੰ ਦੇਖਦੇ ਹੋਏ ਰਾਹਤ ਮਿਲਦੀ ਨਜ਼ਰ ਆਈ ਪਰ ਕੌਂਸਲ ਵਲੋਂ ਜੱਦੋ ਜਹਿਦ ਜਾਰੀ ਹੈ | ਇਸ ਮੌਕੇ ਨਗਰ ਕੌਂਸਲ ਅਧਿਕਾਰੀ ਧਰਮਪਾਲ ਨੇ ਦੱਸਿਆ ਕਿ ਨਾਲੇ' ਤੇ ਨਾਜਾਇਜ਼ ਕਬਜ਼ੇ ਹਟਾ ਕੇ ਪਾਣੀ ਦੀ ਨਿਕਾਸੀ ਜਲਦੀ ਕਰ ਦਿੱਤੀ ਜਾਵੇਗੀ | ਤਾਂ ਜੋ ਘਰੇਲੂ ਪਾਣੀ ਅਤੇ ਮੀਂਹ ਦਾ ਪਾਣੀ ਜੋ ਮੁਹੱਲੇ ਵਿੱਚ ਜਮ੍ਹਾ ਹੋ ਜਾਂਦਾ ਹੈ | ਉਹ ਸੁਚਾਰੂ ਢੰਗ ਨਾਲ ਵਹਿ ਸਕੇ | ਇਸ ਮੌਕੇ ਨਗਰ ਕੌਂਸਲ ਅਧਿਕਾਰੀ ਐਸ. ਓ ਸੁਰਿੰਦਰ ਕੁਮਾਰ, ਰਾਜੀਵ ਵਸ਼ਸ਼ਿਟ, ਸੈਨੇਟਰੀ ਇੰਸਪੈਕਟਰ ਪ੍ਰੀਤਮ ਸਿੰਘ, ਧਰਮਪਾਲ, ਜਗਦੀਪ ਸਿੰਘ, ਕੁਲਵੰਤ ਸਿੰਘ ਅਤੇ ਹੋਰ ਕਰਮਚਾਰੀ ਅਤੇ ਮੁਹੱਲਾ ਨਿਵਾਸੀ ਹਾਜ਼ਰ ਸਨ |