ਨਵਾਂਸ਼ਹਿਰ, 6 ਦਸੰਬਰ (ਦੀਦਾਰ ਸਿੰਘ ਸ਼ੇਤਰਾ)-ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ ਦੇ ਬੱਬਰ ਯਾਦਗਾਰ ਹਾਲ ਵਿਖੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਗੁਰਸ਼ਰਨ ਸਿੰਘ ਰੰਧਾਵਾ ਸਾਬਕਾ ਵਾਈਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਕਿਹਾ ਕਿ ਸਮੇਂ ਦੇ ਹਾਣੀ ਬਣਨ ਲਈ ਉਹਨਾਂ ਨੂੰ ਇਸ ਸਮੇਂ ਉਹਨਾਂ ਦੇ ਮਾਪਿਆਂ ਵਲੋਂ ਸੌਂਪੀ ਜ਼ਿੰਮੇਵਾਰੀ ਸਖ਼ਤ ਮਿਹਨਤ ਕਰਦਿਆਂ ਪੜ੍ਹਾਈ ਕਰਨੀ ਚਾਹੀਦੀ ਹੈ, ਤੁਸੀਂ ਬੱਚੇ ਸਾਡਾ ਆਉਣ ਵਾਲਾ ਕੱਲ੍ਹ ਹੋ | ਉਹਨਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਹਰ ਪਾਸੇ ਫੈਲ ਰਹੀ ਆਪਾ-ਧਾਪੀ, ਪ੍ਰਦੂਸ਼ਣ, ਬਿਮਾਰੀਆਂ ਆਦਿ ਮਨੁੱਖ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਨਰੋਏ ਸਰੀਰ ਵਿੱਚ ਹੀ ਨਰੋਏ ਮਨ ਦਾ ਵਾਸ ਹੋ ਸਕਦਾ ਹੈ | ਉਹਨਾਂ ਬਚਿਆਂ ਨੂੰ ਵਧ ਤੋਂ ਵਧ ਦਰਖ਼ਤ ਲਗਾਉਣ, ਚੰਗਾ ਸਾਹਿਤ ਪੜ੍ਹਨ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਹਾ ਕਿ ਮੈਂ ਇਸ ਸੰਸਥਾ ਵਿੱਚ ਆ ਕੇ ਪ੍ਰਭਾਵਿਤ ਹੋਇਆ ਹਾਂ, ਬੱਚਿਓ ਤੁਸੀਂ ਖ਼ੁਸ਼ਕਿਸਮਤ ਹੋ ਜਿਹੜੇ ਕਿ ਤੁਸੀਂ ਇਸ ਅਦਾਰੇ ਵਿੱਚ ਰਹਿ ਕੇ ਵਿੱਦਿਆ ਪ੍ਰਾਪਤ ਕਰ ਰਹੇ ਹੋ | ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਆਸਟ੍ਰੇਲੀਆ ਤੋਂ ਪੁੱਜੇ ਸਿੱਖ ਚਿੰਤਕ ਅਤੇ ਬੇਬਾਕ ਬੁਲਾਰੇ ਗੁਰਬਖ਼ਸ਼ ਸਿੰਘ ਬੈਂਸ ਨੇਂ ਕਿਹਾ ਕਿ ਤੁਹਾਨੂੰ ਬਚਿਆਂ ਨੂੰ ਆਪਣੇ ਪ੍ਰਭਾਵਸ਼ਾਲੀ ਜੀਵਨ ਸਦਕਾ ਆਪਣੀ ਵਿਲੱਖਣ ਪਹਿਚਾਣ ਬਣਾ ਕੇ ਮਿਸਾਲੀ ਜੀਵਨ ਜਿਊਣਾ ਚਾਹੀਦਾ ਹੈ | ਉਹਨਾਂ ਕਿਹਾ ਕਿਹਾ ਕਿ ਵਧ ਤੋਂ ਵਧ ਭਾਸ਼ਾਵਾਂ ਸਿੱਖੋ ਪਰ ਪਹਿਲ ਸਦਾ ਆਪਣੀ ਮਾਤ ਭਾਸ਼ਾ ਨੂੰ ਦਿਓ | ਗੁਰਬਾਣੀ ਨੇ ਸਾਨੂੰ ਸ਼ਾਨਦਾਰ ਜੀਵਨ ਜੀਉਣ ਲਈ ਮਾਡਲ ਪ੍ਰਦਾਨ ਕੀਤਾ ਹੈ, ਸੱਚ-ਸਬਰ ਤੇ ਵਿਚਾਰ ਦਾ ਥਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਸਾਨੂੰ ਦਿੱਤਾ ਗਿਆ ਹੈ | ਇਸ ਮੌਕੇ ਸਕੂਲ ਦੇ ਡਾਇਰੈਕਟਰ ਕਿਰਪਾਲ ਸਿੰਘ ਖਾਬੜਾ, ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਨੇ ਵੀ ਆਪਣੇ ਵਿਚਾਰ ਰੱਖੇ | ਇਸ ਮੌਕੇ ਅਦਾਰੇ ਵਲੋਂ ਗੁਰਸ਼ਰਨ ਸਿੰਘ ਰੰਧਾਵਾ ਅਤੇ ਗੁਰਬਖ਼ਸ਼ ਸਿੰਘ ਬੈਂਸ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮੇਂ ਸਤਜੀਤ ਸਿੰਘ, ਵਰਿੰਦਰ ਸਿੰਘ ਯੂ.ਐਸ.ਏ, ਟਰੱਸਟ ਦੇ ਮੀਤ ਪ੍ਰਧਾਨ ਤਰਨਜੀਤ ਸਿੰਘ ਥਾਂਦੀ, ਜੋਗਾ ਸਿੰਘ ਥਾਂਦੀ ਕੈਨੇਡਾ, ਪਿ੍ੰਸੀਪਲ ਰਾਜ ਰਾਣੀ, ਰਮਨਦੀਪ ਭਾਟੀਆ, ਸੁਖਬੀਰ ਸਿੰਘ ਅਟਾਲ ਮਜਾਰਾ, ਰਣਜੀਤ ਸਿੰਘ ਮਾਨ, ਗੁਰਮੁਖ ਸਿੰਘ ਅਤੇ ਸਮੁੱਚਾ ਸਟਾਫ਼ ਹਾਜ਼ਰ ਸੀ |