ਔੜ/ਝਿੰਗੜਾਂ, 24 ਦਸੰਬਰ (ਕੁਲਦੀਪ ਸਿੰਘ ਝਿੰਗੜ)-ਵਿਧਾਨ ਸਭਾ ਹਲਕਾ ਬੰਗਾ ਦੇ ਅਧੀਨ ਪੈਂਦੇ ਪਿੰਡ ਮੱਲਾ ਬੇਦੀਆਂ ਨੇੜੇ ਜਾਂਦੀ ਬਿਸਤ ਦੁਆਬ ਨਹਿਰ ਦੇ ਨਜ਼ਦੀਕ ਸੁਸ਼ੋਭਿਤ ਗੁਰਦੁਆਰਾ ਸ਼ਹੀਦਾਂ ਸਿੰਘਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀ, ਇਲਾਕਾ ਨਿਵਾਸੀ ਅਤੇ ਐਨ.ਆਰ.ਆਈ.ਸੰਗਤਾਂ ਦੇ ਸਹਿਯੋਗ ਨਾਲ ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜ਼ਾਦਿਆਂ, ਭਾਈ ਸੰਗਤ ਸਿੰਘ ਜੀ ਅਤੇ ਸਮੂਹ ਸਹੀਦਾਂ ਸਿੰਘਾਂ ਦੀ ਲਾਸਾਨੀ ਤੇ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਸਭਾ 26 ਤੋਂ 28 ਦਸੰਬਰ ਨੂੰ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਰਵਿੰਦਰ ਸਿੰਘ ਮੱਲਾ ਬੇਦੀਆਂ ਨੇ ਦੱਸਿਆ ਕਿ ਇਸ ਸ਼ਹੀਦੀ ਜੋੜ ਮੇਲ ਸਭਾ ਦੌਰਾਨ 26 ਦਸੰਬਰ ਨੂੰ ਸਵੇਰੇ 10 ਵਜੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣਗੇ ਅਤੇ 27 ਦਸੰਬਰ ਨੂੰ ਸ਼੍ਰੀ ਨਿਸ਼ਾਨ ਸਾਹਿਬ ਨੂੰ ਚੋਲੇ ਪਹਿਨਾਏ ਜਾਣਗੇ, ਇਸ ਦੇ ਨਾਲ ਹੀ ਇਸ ਦਿਨ ਮੁਫਤ ਆਯੂਰਵੈਦਿਕ ਕੈਂਪ ਲਗਾਇਆ ਜਾਵੇਗਾ | ਇਸੇ ਤਰਾਂ 28 ਦਸੰਬਰ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ | ਜਿਸ ਵਿਚ ਪੰਥ ਦੇ ਮਹਾਨ ਰਾਗੀਆਂ-ਢਾਡੀਆਂ ਤੋਂ ਇਲਾਵਾ ਨਾਮਵਰ ਢਾਡੀ ਗਿਆਨੀ ਸਰਬਜੀਤ ਸਿੰਘ ਖਾਲਸਾ, ਫਰਾਲੇ ਵਾਲੀਆਂ ਬੀਬੀਆਂ ਦਾ ਜਥਾ ਸੰਗਤਾਂ ਨੂੰ ਸ਼ਹੀਦੀ ਢਾਡੀ ਵਾਰਾਂ ਸੁਣਾਕੇ ਗੁਰੂ ਚਰਨਾਂ ਨਾਲ ਜੋੜੇਗਾ | ਉਨਾਂ ਦੱਸਿਆ ਕਿ ਇਸ ਸ਼ਹੀਦੀ ਜੋੜ ਮੇਲ ਸਭਾ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਉਨ੍ਹਾਂ ਇਸ ਜੋੜ ਮੇਲ ਸਭਾ ਵਿਚ ਵੱਧ ਤੋਂ ਵੱਧ ਇਲਾਕਾ ਨਿਵਾਸੀ ਸੰਗਤਾਂ ਨੂੰ ਪੁੱਜਣ ਦੀ ਬੇਨਤੀ ਕੀਤੀ | ਇਸ ਮੌਕੇ ਪ੍ਰਬੰਧਕਾਂ ਤੋਂ ਇਲਾਵਾ ਪਿੰਡ ਵਾਸੀ ਸੰਗਤਾਂ ਹਾਜ਼ਰ ਸਨ |