ਬੰਗਾ, 25 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਕਿਰਤੀ ਕਿਸਾਨ ਯੂਨੀਅਨ ਇਲਾਕਾ ਬੰਗਾ ਦੀ ਮੀਟਿੰਗ ਮੱਲਪੁਰ ਅੜਕਾਂ 'ਚ ਨਿਰਮਲ ਸਿੰਘ ਨੰਬਰਦਾਰ ਦੀ ਅਗਵਾਈ ਹੇਠ ਹੋਈ | ਜਿਸ ਵਿੱਚ ਸ. ਸੋਹਣ ਸਿੰਘ ਅਟਵਾਲ ਸਕੱਤਰ ਨੇ ਦੱਸਿਆ ਕਿ ਸੈਂਟਰ ਦੀ ਮੋਦੀ ਸਰਕਾਰ ਦੇਸ਼ 'ਚ ਬਿਜਲੀ ਸੋਧ ਬਿੱਲ 2025 ਪਾਸ ਕਰਨ ਜਾ ਰਹੀ ਹੈ | ਜਿਸ ਨਾਲ ਚਿੱਪ ਵਾਲੇ ਮੀਟਰ ਲੱਗਣਗੇ | ਲੋਕਾਂ ਨੂੰ ਜਿਸ ਤਰ੍ਹਾਂ ਮੋਬਾਈਲ ਫੋਨ ਦੀ ਵਰਤੋਂ ਕਰਨ ਲਈ ਪਹਿਲਾਂ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਜਾਂਦਾ ਹੈ, ਉਸ ਤਰਾਂ ਹੀ ਬਿਜਲੀ ਦੇ ਬਿੱਲ ਦੇ ਪੈਸੇ ਪਹਿਲਾਂ ਜਮ੍ਹਾਂ ਕਰਵਾਉਣ ਲਈ ਕਿਹਾ ਜਾਵੇਗਾ | ਜਦੋਂ ਪੈਸੇ ਖ਼ਤਮ ਹੋਣਗੇ ਬਿਜਲੀ ਬੰਦ ਕਰ ਦਿੱਤੀ ਜਾਵੇਗੀ | ਦੂਜਾ ਬੀਜ ਸੋਧ ਬਿੱਲ 2025 ਪਾਸ ਕੀਤਾ ਜਾ ਰਿਹਾ ਹੈ | ਜਿਸ ਨਾਲ ਬੀਜ ਲੈ ਕੇ ਕਿਸਾਨ ਬੀਜ ਬੀਜਣ ਤਾਂ ਜੇਕਰ ਬੀਜ ਖ਼ਰਾਬ ਨਿਕਲੇ ਤਾਂ ਉਨ੍ਹਾਂ ਦੁਕਾਨਦਾਰਾਂ ਅਤੇ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ | ਮਜ਼ਦੂਰਾਂ 'ਤੇ 4 ਕੋਡ ਲਾਗੂ ਕਰਨ ਲਈ ਤਿਆਰ ਹੈ | ਇਸ ਲਈ ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਇਹਨਾਂ ਬਿੱਲਾਂ ਨੂੰ ਰੱਦ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਹੈ | ਜੇ ਸਰਕਾਰ ਬਿੱਲ ਵਾਪਿਸ ਨਹੀਂ ਲਵੇਗੀ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਲਈ ਕਿਰਤੀ ਕਿਸਾਨ ਯੂਨੀਅਨ ਬੰਗਾ 3 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਟ੍ਰੈਕਟਰ ਮਾਰਚ ਖਟਕੜ ਕਲਾਂ ਤੋਂ ਬੰਗਾ ਅਤੇ ਮੁਕੰਦਪੁਰ ਤੱਕ ਕਰੇਗੀ | ਇਸ ਮੌਕੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ, ਨਿਰਮਲ ਸਿੰਘ ਮੱਲਪੁਰ, ਕਸ਼ਮੀਰ ਸਿੰਘ, ਜਸਬੀਰ ਸਿੰਘ ਨੰਬਰਦਾਰ, ਜਸਵੰਤ ਖਟਕੜ, ਬਲਵੀਰ ਸਿੰਘ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ, ਜਸਬੀਰ ਸਿੰਘ, ਪਰਮਜੀਤ ਸਿੰਘ, ਮਲਕੀਤ ਸਿੰਘ ਪੱਲੀ ਉੱਚੀ, ਸੁਰਿੰਦਰ ਸਿੰਘ ਮਾਹਿਲ ਗਹਿਲਾਂ, ਰਘੁਵੀਰ ਸਿੰਘ ਮਾਹਿਲ ਗਹਿਲਾਂ ਅਤੇ ਹੋਰ ਹਾਜ਼ਰ ਸਨ |