ਕਟਾਰੀਆਂ, 25 ਦਸੰਬਰ (ਪ੍ਰੇਮੀ ਸੰਧਵਾਂ) - ਗੁਰੂ ਨਾਨਕ ਮਿਸ਼ਨ ਹਸਪਤਾਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਜਥੇ. ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਕੋਟਿ- ਕੋਟਿ ਪ੍ਰਣਾਮ ਕਰਦਿਆਂ ਕਿਹਾ ਕਿ ਸਰਬੰਸਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੇ ਚਮਕੌਰ ਦੀ ਜੰਗ ਦੌਰਾਨ ਤੇ ਹੋਰ ਸਿੱਖ ਯੋਧਿਆਂ ਨਾਲ ਰਲ ਕੇ ਮੁਗਲਾਂ ਵਿਰੁੱਧ ਬਹਾਦਰੀ ਨਾਲ ਜੰਗ ਲੜੀ | ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ 13 ਪੋਹ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਦੀ ਸ਼ਹਾਦਤ ਅਤੇ 14 ਪੋਹ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸਸਕਾਰ ਵਾਲੇ ਦਿਨ ਤੱਕ ਗੁਰੂ ਘਰਾਂ 'ਚ ਨਤਮਸਤਕ ਹੋ ਕੇ ਮਹਾਨ ਸ਼ਹੀਦਾਂ ਦੇ ਜਾਪ ਕੀਤੇ ਜਾਣ | ਜਥੇ. ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਾਬਾ ਜੀਵਨ ਸਿੰਘ ਜੀ, ਭਾਈ ਜੈਤਾ ਜੀ, ਭਾਈ ਸੰਗਤ ਸਿੰਘ ਜੀ, ਬੀਬੀ ਹਰਸ਼ਰਨ ਕੌਰ ਤੇ ਪਿਆਰੇ ਹਿੰਮਤ ਸਿੰਘ ਸਮੇਤ ਸਾਕਾ ਚਮਕੌਰ ਦੇ ਸ਼ਹੀਦਾਂ ਨੂੰ ਸਮਰਪਿਤ ਸਾਰੇ ਰਲ ਕੇ ਅਰਦਾਸ ਕਰੀਏ |