ਨਵਾਂਸ਼ਹਿਰ, 25 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਸਰਕਾਰ ਹਰ ਸਾਲ ਸ਼ਾਹਿਬਜ਼ਾਦਿਆਂ ਦੀ ਯਾਦ ਵਿੱਚ ਵੀਰ ਬਾਲ ਦਿਵਸ ਮਨਾਉਂਦੀ ਹੈ | ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਾਕੇ ਦੇ ਉੱਘੇ ਸਮਾਜ ਸੇਵੀ ਕੁਲਵਿੰਦਰ ਭਾਰਟਾ ਨੇ ਕਿਹਾ ਕਿ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿਘ ਅਤੇ ਬਾਬਾ ਫ਼ਤਿਹ ਸਿੰਘ ਜੀ ਨੇ ਮਹਾਨ ਕੁਰਬਾਨੀ ਦਿੱਤੀ ਪਰ ਛੋਟੇ ਸ਼ਾਹਿਬਜਾਦਿਆਂ ਨੇ ਸੂਬਾ ਸਰਹਿੰਦ ਦੀ ਈਨ ਨਹੀਂ ਮੰਨੀ | ਸਾਹਿਬਜ਼ਾਦਿਆਂ ਨੇ ਇਸਲਾਮ ਧਰਮ ਕਬੂਲ ਨਹੀਂ ਕੀਤਾ | ਸਾਹਿਬਜ਼ਾਦਿਆਂ ਨੂੰ ਵੱਡੇ-ਵੱਡੇ ਲਾਲਚ ਅਤੇ ਡਰਾਵੇ ਵੀ ਦਿੱਤੇ ਗਏ ਪਰ ਸਾਹਿਬਜ਼ਾਦੇ ਅਡੋਲ ਰਹੇ ਅਤੇ ਸ਼ਹਾਦਤ ਦੇਣ ਨੂੰ ਹੀ ਸਹੀ ਮੰਨਿਆ | ਸਾਰੀ ਦੁਨੀਆ ਦੇ ਇਤਿਹਾਸ ਵਿੱਚ 7 ਅਤੇ 9 ਸਾਲ ਦੀ ਇੰਨੀ ਛੋਟੀ ਉਮਰ ਦੀ ਕੁਰਬਾਨੀ ਦਾ ਕਿਤੇ ਵੀ ਜ਼ਿਕਰ ਨਹੀਂ ਮਿਲਦਾ | ਉੱਘੇ ਸਮਾਜ ਸੇਵੀ ਕੁਲਵਿੰਦਰ ਭਾਰਟਾ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਸਮੁੱਚੀ ਸਿੱਖ ਕੌਮ ਅਤੇ ਸਮੂਹ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਸਾਹਿਬਜ਼ਾਦਿਆਂ ਦੀ ਯਾਦ 'ਚ ਸਾਹਿਬਜ਼ਾਦੇ ਸ਼ਹਾਦਤ ਦਿਵਸ ਮਨਾਵੇ | ਉਨ੍ਹਾਂ ਕਿਹਾ ਕਿ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਹੁਤ ਵੱਡੀ ਤੇ ਮਹਾਨ ਹੈ ਪਰ ਉਹਨਾਂ ਦੀ ਯਾਦ ਵੀਰ ਬਾਲ ਦਿਵਸ ਵੱਜੋਂ ਮਨਾਉਣਾ ਠੀਕ ਨਹੀਂ ਅਤੇ ਸ਼ੋਭਾ ਨਹੀਂ ਦਿੰਦਾ | ਇਸ ਮੌਕੇ ਗੁਰਪ੍ਰੀਤ ਸਿੰਘ ਕਾਕਾ, ਹਰਿੰਦਰ ਸਿੰਘ ਉਰਫ ਸਟੀਫਨ, ਗੁਰਪਾਲ ਸਿੰਘ, ਮਨੀਸ਼ ਮੇਹਤੋ, ਬਿੰਦਰਾਜ ਰਾਮ, ਗੁਰਪ੍ਰੀਤ ਗੋਪੀ ਲਵਲੀਨ ਕੁਮਾਰ ਆਦਿ ਹਾਜ਼ਰ ਸਨ |