ਬਲਾਚੌਰ, 26 ਦਸੰਬਰ (ਨਰੇਸ਼ ਧੌਲ)-ਬਲਾਚੌਰ ਤੋਂ ਭੱਦੀ ਮੁੱਖ ਸੜਕ 'ਤੇ ਜੋਗੇਵਾਲ ਮੋੜ ਦੇ ਨਜ਼ਦੀਕ ਦੋ ਕਾਰਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਪ੍ਰਾਪਤ ਹੋਈ | ਜਾਣਕਾਰੀ ਅਨੁਸਾਰ ਕਰੇਟਾ ਕਾਰ ਨੰਬਰ ਪੀ.ਬੀ 20 ਡੀ 6173 ਦਾ ਚਾਲਕ ਬਲਾਚੌਰ ਵਾਲੀ ਸਾਈਡ ਤੋਂ ਭੱਦੀ ਵਾਲੀ ਸਾਈਡ ਨੂੰ ਜਾ ਰਿਹਾ ਸੀ ਜਦ ਕਿ ਇਟਿਓਸ ਕਾਰ ਨੰਬਰ ਸੀ.ਐੱਚ 01 ਸੀ.ਏ 4292 ਜਿਸ ਦਾ ਚਾਲਕ ਭੱਦੀ ਵਾਲੀ ਸਾਈਡ ਤੋਂ ਬਲਾਚੌਰ ਨੂੰ ਆ ਰਿਹਾ ਸੀ ਕਿ ਪਿੰਡ ਜੋਗੇਵਾਲ ਦੇ ਨਜ਼ਦੀਕ ਦੋਨਾਂ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ, ਜਿਸ ਦੇ ਫਲਸਰੂਪ ਇਟਿਓਸ ਕਾਰ ਅਗਲੇ ਪਾਸੇ ਤੋਂ ਬੁਰੀ ਤਰਾਂ ਨੁਕਸਾਨੀ ਗਈ ਜਦ ਕਿ ਕਰੇਟਾ ਕਾਰ ਦਾ ਵੀ ਪਿਛਲਾ ਹਿੱਸਾ ਨੁਕਸਾਨਿਆ ਗਿਆ | ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਨੋਂ ਕਾਰਾਂ ਦੇ ਮੂੰਹ ਉਲਟ ਦਿਸ਼ਾ ਵੱਲ ਘੁੰਮ ਗਏ | ਦੋਨੋਂ ਕਾਰਾਂ ਦੇ ਚਾਲਕ ਪਿੰਡ ਧਕਤਾਣਾ ਦੇ ਨੌਜਵਾਨ ਦੱਸੇ ਜਾ ਰਹੇ ਸਨ | ਜ਼ਿਕਰਯੋਗ ਹੈ ਕਿ ਸੜਕ ਦੇ ਬਰਮ ਸਾਫ਼ ਨਾ ਹੋਣ ਕਾਰਨ ਇਸ ਸਥਾਨ 'ਤੇ ਕੁੱਝ ਹੀ ਦਿਨਾਂ ਵਿੱਚ ਇਹ ਦੂਸਰਾ ਹਾਦਸਾ ਵਾਪਰ ਚੁੱਕਾ ਹੈ | ਇਲਾਕਾ ਵਾਸੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬਲਾਚੌਰ ਤੋਂ ਭੱਦੀ ਜਾਣ ਵਾਲੀ ਮੁੱਖ ਸੜਕ ਦੇ ਬਰਮਾਂ ਦੀ ਸਫ਼ਾਈ ਪਹਿਲ ਦੇ ਆਧਾਰ 'ਤੇ ਕਰਵਾਈ ਜਾਵੇ ਤਾਂ ਜੋ ਅਜਿਹੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ |