ਨਵਾਂਸ਼ਹਿਰ, 26 ਦਸੰਬਰ (ਦੀਦਾਰ ਸਿੰਘ ਸ਼ੇਤਰਾ) - ਬੱਬਰ ਕਰਮ ਸਿੰਘ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਹੋਈ ਅਧਿਆਪਕ ਮਾਪੇ ਮਿਲਣੀ ਮੌਕੇ ਪਹੁੰਚੇ ਹੋਏ ਮਾਪਿਆਂ ਅਤੇ ਬੱਚਿਆਂ ਲਈ ਸਕੂਲ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਹੋਰ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਦੁੱਧ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸਿੱਖ ਟੈਂਪਲ ਵੈਸਟ ਸੈਕਰਾਮੈਂਟੋ ਕੈਲੀਫੋਰਨੀਆ ਵਲੋਂ ਜਾਰੀ ਕੀਤੀ ਹੋਈ ਪੁਸਤਕ 'ਸਾਹਿਬਜ਼ਾਦੇ ਅਤੇ ਸ਼ਹਾਦਤ' ਵੰਡੀ ਗਈ | ਇਸ ਮੌਕੇ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਸਿੰਘ ਜਾਡਲੀ ਨੇ ਇਨ੍ਹਾਂ ਦਿਨਾਂ ਦੇ ਇਤਿਹਾਸ 'ਤੇ ਚਾਨਣਾ ਪਾਉਂਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਅਤੇ ਸ਼ਹੀਦ ਹੋਏ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਸ਼ਹਾਦਤਾਂ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ ਅਤੇ ਆਏ ਹੋਏ ਬੱਚਿਆਂ ਦੇ ਮਾਪਿਆਂ ਦਾ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਸਮੇਂ ਜੋਗਾ ਸਿੰਘ ਥਾਂਦੀ ਟਰਸਟੀ ਕੈਨੇਡਾ, ਜਸਵਿੰਦਰ ਕੌਰ ਥਾਂਦੀ, ਡਾਇਰੈਕਟਰ ਕਿਰਪਾਲ ਸਿੰਘ ਖਾਬੜਾ ਨੇ ਗੁਰਇਤਿਹਾਸ ਅਤੇ ਦਿੱਤੀਆਂ ਸ਼ਹਾਦਤਾਂ ਨਾਲ ਸਬੰਧਤਕ ਪੁਸਤਕਾਂ ਪੜ੍ਹਨ ਦੀ ਅਪੀਲ ਕੀਤੀ | ਪ੍ਰਬੰਧਕਾਂ ਵਲੋਂ ਇਹ ਪੁਸਤਕਾਂ ਮੁਹੱਈਆ ਕਰਵਾਉਣ ਲਈ ਪ੍ਰਧਾਨ ਨਰਿੰਦਰ ਸਿੰਘ ਥਾਂਦੀ ਅਤੇ ਸਮੂਹ ਪ੍ਰਬੰਧਕ ਕਮੇਟੀ ਸਿੱਖ ਟੈਂਪਲ ਵੈਸਟ ਸੈਕਰਾਮੈਂਟੋ ਕੈਲੀਫੋਰਨੀਆ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਰਾਜ ਰਾਣੀ, ਵਾਇਸ ਪਿ੍ੰਸੀਪਲ ਰਮਨਦੀਪ ਭਾਟੀਆ, ਸੁਖਬੀਰ ਸਿੰਘ ਅਟਾਲਮਜਾਰਾ, ਰਣਜੀਤ ਸਿੰਘ ਮਾਨ ਅਤੇ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |