ਬੰਗਾ, 30 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਕਿਸਾਨ, ਮਜ਼ਦੂਰ, ਮੁਲਾਜ਼ਮ ਤੇ ਹੋਰ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਾਂਝੇ ਮੰਚ ਦੇ ਸੱਦੇ ਨੂੰ ਲਾਗੂ ਕਰਨ ਲਈ ਕਿਸਾਨ-ਮਜ਼ਦੂਰ ਅਤੇ ਪਾਵਰਕਾਮ ਦੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸ਼ਹੀਦ ਭਗਤ ਸਿੰਘ ਫਾਊਾਡੇਸ਼ਨ ਖਟਕੜ ਕਲਾਂ ਵਿਖੇ ਹੋਈ | ਜਿਸ ਵਿਚ ਮਲਕੀਤ ਸਿੰਘ ਮੰਢਾਲੀ ਸਰਕਲ ਸਕੱਤਰ ਪੈਨਸ਼ਨਰ ਐਸੋਸੀਏਸ਼ਨ, ਬਲਵਿੰਦਰ ਸਿੰਘ ਨੌਰਾ ਸਰਕਲ ਸਕੱਤਰ ਟੀ.ਐੱਸ.ਯੂ, ਨੰਦ ਲਾਲ ਸਰਕਲ ਪ੍ਰਧਾਨ ਟੀ.ਐੱਸ.ਯੂ ਭੰਗਲ, ਅਸ਼ੋਕ ਕੁਮਾਰ ਜੇ.ਈ ਸਰਕਲ ਸਕੱਤਰ ਇੰਪਲਾਈਜ਼ ਫੈਡਰੇਸ਼ਨ, ਕੰਵਰ ਜਸਵਿੰਦਰਪਾਲ ਸਿੰਘ ਸੂਬਾ ਸਕੱਤਰ ਪੈਨਸ਼ਨਰ ਵੈੱਲਫੇਅਰ ਫੈਡਰੇਸ਼ਨ, ਮਨੀ ਰਾਮ ਸਰਕਲ ਸਕੱਤਰ ਅਤੇ ਰਾਮ ਆਸਰਾ ਸਰਕਲ ਪ੍ਰਧਾਨ ਪੈਨਸ਼ਨਰ ਇੰਪਲਾਈਜ਼ ਫੈਡਰੇਸ਼ਨ, ਰਵੀ ਕੁਮਾਰ ਤੇ ਵਿਨੋਦ ਕੁਮਾਰ ਡਿਵੀਜ਼ਨ ਆਗੂ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ, ਮੋਹਣ ਸਿੰਘ ਲੰਗੜੋਆ ਸੂਬਾ ਸਕੱਤਰ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ, ਤਰਸੇਮ ਸਿੰਘ ਬੈਂਸ ਅਤੇ ਸੋਹਣ ਸਿੰਘ ਅਟਵਾਲ ਜ਼ਿਲ੍ਹਾ ਆਗੂ ਕਿਰਤੀ ਕਿਸਾਨ ਯੂਨੀਅਨ, ਬੂਟਾ ਸਿੰਘ ਮਹਿਮੂਦਪੁਰ ਸੂਬਾਈ ਆਗੂ ਜਮਹੂਰੀ ਅਧਿਕਾਰ ਸਭਾ, ਹਰੀ ਰਾਮ ਰਸੂਲਪੁਰੀ ਜ਼ਿਲ੍ਹਾ ਆਗੂ ਪੇਂਡੂ ਮਜ਼ਦੂਰ ਯੂਨੀਅਨ, ਹਰਪਾਲ ਸਿੰਘ ਜਗਤਪੁਰ ਜ਼ਿਲ੍ਹਾ ਆਗੂ ਜਮਹੂਰੀ ਕਿਸਾਨ ਸਭਾ, ਜੋਗਿੰਦਰਪਾਲ ਸੂਬਾ ਕਮੇਟੀ ਮੈਂਬਰ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ, ਬਲਜੀਤ ਸਿੰਘ, ਬਲਵੀਰ ਸਿੰਘ, ਸੁੱਚਾ ਸਿੰਘ, ਗੁਰਦੀਪ ਸਿੰਘ ਸਾਹਲੋਂ ਅਤੇ ਇਨਕਲਾਬੀ ਗਾਇਕ ਧਰਮਿੰਦਰ ਮਸਾਣੀਂ ਸ਼ਾਮਲ ਹੋਏ | ਮੀਟਿੰਗ ਦੇ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਜਵੀਜ਼ਤ ਬਿਜਲੀ ਸੋਧ ਬਿੱਲ, ਕਿਰਤ ਕਾਨੂੰਨਾਂ ਨੂੰ ਖ਼ਤਮ ਕਰਕੇ ਚਾਰ ਲੇਬਰ ਕੋਡ ਥੋਪਣਾ ਅਤੇ ਮਗਨਰੇਗਾ ਨੂੰ ਰੱਦ ਕਰਕੇ ਬਣਾਇਆ ਨਵਾਂ ਕਾਨੂੰਨ 'ਜੀ ਰਾਮ ਜੀ' ਅਤੇ ਮੁਕਤ ਵਪਾਰ ਸਮਝੌਤੇ ਨਾ ਸਿਰਫ਼ ਕਿਸਾਨਾਂ, ਮਜ਼ਦੂਰਾਂ, ਬਿਜਲੀ ਕਾਮਿਆਂ ਅਤੇ ਮਨਰੇਗਾ ਮਜ਼ਦੂਰਾਂ ਉੱਪਰ ਵੱਡੇ ਹਮਲੇ ਹਨ ਸਗੋਂ ਇਹ ਸਮੁੱਚੇ ਭਾਰਤੀ ਲੋਕਾਂ ਦੇ ਹਿਤਾਂ ਵਿਰੁੱਧ ਬਹੁਤ ਹੀ ਖ਼ਤਰਨਾਕ ਸਾਜ਼ਿਸ਼ ਹਨ | ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਜੋਸ਼ੋ-ਖ਼ਰੋਸ਼ ਨਾਲ ਟਰੈਕਟਰ-ਵਹੀਕਲ ਮਾਰਚ ਕਰਨ ਲਈ ਤਿਆਰੀ ਦਾ ਜਾਇਜ਼ਾ ਲਿਆ ਗਿਆ | ਮੀਟਿੰਗ ਨੇ ਸਰਬ ਸੰਮਤੀ ਨਾਲ ਫ਼ੈਸਲਾ ਕੀਤਾ ਕਿ ਸਮੂਹ ਜਥੇਬੰਦੀਆਂ ਵੱਲੋਂ ਇਲਾਕਾ ਬੰਗਾ ਵਿਚ ਟਰੈਟਕਰ-ਵਹੀਕਲ ਮਾਰਚ 3 ਜਨਵਰੀ ਨੂੰ ਖਟਕੜ ਕਲਾਂ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਬੱਸ ਅੱਡਾ ਮੁਕੰਦਪੁਰ ਵਿਖੇ ਸਮਾਪਤ ਹੋਵੇਗਾ |