ਅਮਲੋਹ, 31 ਮਈ (ਹਰਪ੍ਰੀਤ ਸਿੰਘ ਗਿੱਲ)-ਅਮਲੋਹ ਇਲਾਕੇ ਵਿਚ ਬਾਅਦ ਦੁਪਹਿਰ ਅਚਾਨਕ ਬਣੀ ਬੱਦਲਵਾਈ ਤੇ ਚੱਲੀਆਂ ਤੇਜ਼ ਹਵਾਵਾਂ ਕਾਰਨ ਤਾਪਮਾਨ ਇਕ ਦਮ 46 ਡਿਗਰੀ ਸੈਂਟੀਗਰੇਡ ਤੋਂ ਕੁਝ ਹੀ ਮਿੰਟਾਂ ਵਿਚ 10 ਡਿਗਰੀ ਸੈਂਟੀਗਰੇਡ ਲੁੜ੍ਹਕਣ ਕਾਰਨ 35 ਡਿਗਰੀ ਤੱਕ ਪਹੁੰਚ ਗਿਆ, ਜਿਸ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਭਾਰੀ ਰਾਹਤ ਮਿਲੀ | ਵਰਨਣਯੋਗ ਹੈ ਕਿ ਇਸ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਤੇਜ਼ ਗਰਮੀ ਪੈ ਰਹੀ ਸੀ ਜਿਸ ਕਾਰਨ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਸੀ | ਤਿੱਖੀ ਗਰਮੀ ਕਾਰਨ ਖੇਤਾਂ ਵਿਚ ਫ਼ਸਲਾਂ ਸੁੱਕ ਰਹੀਆਂ ਸਨ ਅਤੇ ਪਸ਼ੂ-ਪੰਛੀ ਦਾ ਵੀ ਬੁਰਾ ਹਾਲ ਹੋਇਆ ਪਿਆ ਸੀ | ਦੁਪਹਿਰ 11 ਵਜੇ ਤੋਂ ਬਾਅਦ ਬਾਜ਼ਾਰ ਸੁੰਨਸਾਨ ਹੋ ਜਾਂਦੇ ਸਨ ਅਤੇ ਅਤੇ ਸ਼ਾਮ 5 ਵਜੇ ਤੱਕ ਬਾਜ਼ਾਰਾਂ ਵਿਚੋਂ ਵੀ ਰੌਣਕ ਅਲੋਪ ਹੋ ਜਾਂਦੀ ਸੀ, ਪਰ ਜਿਵੇਂ ਹੀ ਬਰਸਾਤ ਤੇ ਹਨੇਰੀ ਰੁਕੀ ਬਾਜ਼ਾਰ ਵਿਚ ਇਕਦਮ ਭਾਰੀ ਰੌਣਕ ਲੱਗ ਗਈ | ਵਰਨਣਯੋਗ ਹੈ ਕਿ ਅੱਤ ਦੀ ਗਰਮੀ ਕਾਰਨ ਸਿਹਤ ਵਿਭਾਗ ਨੇ ਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੋਈ ਸੀ ਅਤੇ ਬਿਨਾਂ ਜ਼ਰੂਰੀ ਕੰਮ ਦੇ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਸੀ | ਮੌਸਮ ਵਿਭਾਗ ਵਲੋਂ ਜਾਰੀ ਕੀਤੇ ਮੌਸਮੀ ਬੁਲਿਟਿਨ ਅਨੁਸਾਰ ਅੱਜ ਤੋਂ ਅਗਲੇ 5-6 ਦਿਨ ਤੱਕ ਗਰਮੀ ਤੋਂ ਰਾਹਤ ਮਿਲੇ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਵਿਭਾਗ ਵਲੋਂ ਜਾਰੀ ਕੀਤੀ ਭਵਿੱਖਬਾਣੀ ਵਿਚ ਅਗਲੇ ਸ਼ੁੱਕਰਵਾਰ ਤੱਕ ਤਾਪਮਾਨ 38 ਡਿਗਰੀ ਸੈਂਟੀਗਰੇਡ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ |