ਫ਼ਤਹਿਗੜ੍ਹ ਸਾਹਿਬ, 2 ਜੂਨ (ਬਲਜਿੰਦਰ ਸਿੰਘ)-ਸੰਤ ਬਾਬਾ ਉੱਤਮ ਸਿੰਘ ਸੇਵਾ ਸੁਸਾਇਟੀ ਸਰਹਿੰਦ ਸ਼ਹਿਰ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਹੇਠ ਵਾਤਾਵਰਨ ਦਿਵਸ ਮਨਾਉਣ ਸੰਬੰਧੀ ਹੋਈ | ਇਸ ਮੌਕੇ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਇਸ ਭੱਜ ਦੌੜ ਵਾਲੀ ਜ਼ਿੰਦਗੀ 'ਚ ਅਸੀਂ ਵਾਤਾਵਰਨ ਦੀ ਸੰਭਾਲ ਨੂੰ ਬਹੁਤ ਪਿੱਛੇ ਛੱਡ ਚੁੱਕੇ ਹਾਂ, ਕੁਝ ਲੋਕ ਹੀ ਵਾਤਾਵਰਣ ਦੀ ਸੰਭਾਲ ਪ੍ਰਤੀ ਸੋਚ ਰਹੇ ਹਨ, ਜੇਕਰ ਸਮਾਜ ਦਾ ਹਰ ਇਨਸਾਨ ਵਾਤਾਵਰਨ ਨੂੰ ਸੰਭਾਲਣ ਦਾ ਬੀੜਾ ਚੁੱਕ ਲਵੇ ਤਾਂ ਸਾਡਾ ਚੌਗਿਰਦਾ ਸੁੰਦਰ ਤੇ ਸਾਫ਼ ਸੁਥਰਾ ਹੋ ਜਾਵੇਗਾ ਅਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਮਿਲ ਸਕੇਗੀ | ਉਨ੍ਹਾਂ ਕਿਹਾ ਕਿ ਦਿਨ ਪ੍ਰਤੀ ਦਿਨ ਵੱਧ ਰਹੀ ਗਰਮੀ ਦਾ ਮੁੱਖ ਕਾਰਨ ਦਰੱਖਤਾਂ ਦੀ ਵੱਡੀ ਘਾਟ ਹੈ | ਇਸ ਘਾਟ ਨੂੰ ਕੋਈ ਇਕੱਲਾ ਵਿਅਕਤੀ ਪੂਰਾ ਨਹੀਂ ਕਰ ਸਕਦਾ | ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ | ਮੀਟਿੰਗ 'ਚ ਪ੍ਰਧਾਨ ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਜਨਰਲ ਸਕੱਤਰ, ਜਸਵਿੰਦਰ ਪਾਲ ਸਿੰਘ ਖ਼ਜ਼ਾਨਚੀ, ਸ਼ਿਵ ਕੁਮਾਰ, ਕੁਲਵੰਤ ਚੋਪੜਾ, ਜੀਵਨ ਕੁਮਾਰ, ਵਿਕਾਸ, ਹਰਜਿੰਦਰ ਕੁਮਾਰ, ਹਰੀਸ਼ ਕੁਮਾਰ ਵੀ ਸ਼ਾਮਿਲ ਸਨ | ਇਸ ਮੌਕੇ ਸੁਸਾਇਟੀ ਮੈਂਬਰਾਂ ਵਲੋਂ ਵਾਤਾਵਰਨ ਪ੍ਰੇਮੀ ਹਰਮਨਪ੍ਰੀਤ ਸਿੰਘ ਦਾ ਸਨਮਾਨ ਵੀ ਕੀਤਾ ਗਿਆ |