ਖਮਾਣੋਂ, 3 ਜੂਨ (ਮਨਮੋਹਣ ਸਿੰਘ ਕਲੇਰ)-ਸੀਨੀਅਰ ਕਿਸਾਨ ਆਗੂ ਮੋਹਣ ਸਿੰਘ ਸੈਦਪੁਰਾ ਨੇ ਭੜੀ ਉਪ ਮੰਡਲ ਦਫ਼ਤਰ ਤੋਂ ਚੱਲਦੀ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਲਈ ਲਾਈਨਾਂ ਦੀ ਮੁਰੰਮਤ ਨਾ ਹੋਣ ਕਾਰਨ ਵਿਭਾਗ ਅਤੇ ਸਰਕਾਰ ਖ਼ਿਲਾਫ਼ ਨਿਰਾਸ਼ਾ ਜ਼ਾਹਿਰ ਕੀਤੀ ਹੈ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਖੇਤਰਾਂ 'ਚ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਬਿਜਲੀ ਲਾਈਨਾਂ ਦੀ ਮੁਰੰਮਤ 'ਚ ਲੱਗਾ ਹੋਇਆ ਹੈ, ਪ੍ਰੰਤੂ ਉਨ੍ਹਾਂ ਦੇ ਪਿੰਡ ਸੈਦਪੁਰਾ, ਭੜੀ, ਰਾਏਪੁਰ, ਮਾਜਰੀ ਆਦਿ ਪਿੰਡਾਂ 'ਚ ਇਨ੍ਹਾਂ ਲਾਈਨਾਂ ਦੀ ਮੁਰੰਮਤ ਨਾ ਹੋਣ ਕਾਰਨ ਢਿੱਲੀਆਂ ਬਿਜਲੀ ਸਪਲਾਈ ਤਾਰਾਂ, ਟੇਢੇ-ਮੇਢੇ ਹੋਏ ਖੰਭੇ ਆਦਿ ਮੁਰੰਮਤ ਖੁਣੋਂ ਖੜ੍ਹੇ ਹਨ | ਜਦੋਂਕਿ ਝੋਨੇ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ | ਬਿਜਲੀ ਵਿਭਾਗ ਕਦੋਂ ਇਹ ਮੁਰੰਮਤ ਕਰੇਗਾ | ਜੇਕਰ ਅਜਿਹਾ ਨਾ ਹੋ ਸਕਿਆ ਤਾਂ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਣਾ ਤੈਅ ਹੈ | ਉਨ੍ਹਾਂ ਵਿਭਾਗ ਅਤੇ ਸਰਕਾਰ ਤੋਂ ਇਨ੍ਹਾਂ ਲਾਈਨਾਂ ਦੀ ਮੁਰੰਮਤ ਤੁਰੰਤ ਕਰਵਾਏ ਜਾਣ ਦੀ ਮੰਗ ਕੀਤੀ ਹੈ | ਇਸ ਸਬੰਧੀ ਜਦੋਂ ਸਬੰਧਿਤ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਮੋਬਾਈਲ ਨਹੀਂ ਚੁੱਕਿਆ |