ਫ਼ਤਹਿਗੜ੍ਹ ਸਾਹਿਬ, 3 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਫ਼ਤਹਿਗੜ੍ਹ ਸਾਹਿਬ ਦੇ ਅੰਗਰੇਜ਼ੀ ਵਿਭਾਗ ਵਲੋਂ ਹੜ੍ਹਾਂ ਦੌਰਾਨ ਚੁੱਕੇ ਜਾਣ ਵਾਲੇ ਜ਼ਰੂਰੀ ਕਦਮਾਂ ਬਾਰੇ ਵਿਦਿਆਰਥੀਆਂ ਵਿਚ ਜਾਗਰੂਕਤਾ ਫੈਲਾਉਣ ਤੇ ਅਜਿਹੇ ਮੁਸ਼ਕਿਲ ਸਮਿਆਂ ਦੌਰਾਨ ਏਕਤਾ ਦਾ ਪ੍ਰਗਟਾਵਾ ਕਰਨ ਲਈ ਆਨਲਾਈਨ ਮੀਟਿੰਗ ਦਾ ਆਯੋਜਨ ਕੀਤਾ ਗਿਆ | ਵਿਦਿਆਰਥੀਆਂ ਨੂੰ ਸੰਕਟ ਦੀ ਘੜੀ ਦੌਰਾਨ ਸੋਸ਼ਲ ਮੀਡੀਆ ਦੀ ਸਾਵਧਾਨ ਅਤੇ ਨੈਤਿਕ ਵਰਤੋਂ ਵਿਚ ਆਪਣੀ ਜ਼ਿੰਮੇਵਾਰੀ ਬਾਰੇ ਜਾਗਰੂਕ ਕੀਤਾ ਗਿਆ, ਇਹ ਯਕੀਨੀ ਬਣਾਇਆ ਗਿਆ ਕਿ ਗ਼ਲਤ ਜਾਣਕਾਰੀ ਅਤੇ ਘਬਰਾਹਟ ਨਾ ਫੈਲੇ | ਵਿਭਾਗ ਮੁਖੀ ਡਾ. ਅੰਕਦੀਪ ਕੌਰ ਅਟਵਾਲ ਨੇ ਕੁਦਰਤੀ ਆਫ਼ਤਾਂ ਦੇ ਮੱਦੇਨਜ਼ਰ ਤਿਆਰੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਵਿਦਿਆਰਥੀਆਂ ਨੂੰ ਮੁਸ਼ਕਿਲ ਸਮੇਂ ਦੌਰਾਨ ਸਹਿਯੋਗ ਤੇ ਆਪਸੀ ਸਹਾਇਤਾ ਦੀ ਭਾਵਨਾ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ | ਅੰਗਰੇਜ਼ੀ ਦੇ ਸਹਾਇਕ ਪ੍ਰੋਫੈਸਰ ਜਸਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਸੰਕਟ ਦੌਰਾਨ ਭਾਵਨਾਤਮਕ ਸਥਿਰਤਾ ਦੀ ਮਹੱਤਤਾ ਬਾਰੇ ਸੁਚੇਤ ਕੀਤਾ | ਉਨ੍ਹਾਂ ਕਿਹਾ ਕਿ ਘਬਰਾਹਟ ਅਕਸਰ ਸਥਿਤੀਆਂ ਨੂੰ ਹੋਰ ਵੀ ਵਿਗਾੜਦੀ ਹੈ, ਜਦੋਂਕਿ ਸ਼ਾਂਤ ਦਿਮਾਗ਼ ਐਮਰਜੈਂਸੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਵਿਚ ਮਦਦ ਕਰਦਾ ਹੈ | ਸਹਾਇਕ ਪ੍ਰੋਫੈਸਰ ਡਾ. ਬਲਜੀਤ ਕੌਰ ਨੇ ਆਫ਼ਤਾਂ ਦੌਰਾਨ ਸੋਸ਼ਲ ਮੀਡੀਆ ਦੀ ਸਮਝਦਾਰੀ ਨਾਲ ਵਰਤੋਂ ਕਰਨ ਦੀ ਆਪਣੀ ਜ਼ਿੰਮੇਵਾਰੀ ਪ੍ਰਤੀ ਸੰਵੇਦਨਸ਼ੀਲ ਬਣਾਇਆ | ਉਨ੍ਹਾਂ ਵਿਦਿਆਰਥੀਆਂ ਨੂੰ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਜਾਣਕਾਰੀ ਦੀ ਪੁਸ਼ਟੀ ਕਰਨ ਤੇ ਡਿਜੀਟਲ ਪਲੇਟਫ਼ਾਰਮਾਂ ਦੀ ਸਕਾਰਾਤਮਿਕ ਵਰਤੋਂ ਕਰਨ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਕਲਾਸ ਇੰਚਾਰਜਾਂ ਪਰਮਿੰਦਰ ਕੌਰ, ਪ੍ਰਨੀਤ ਕੌਰ, ਜਸਮੀਨ ਕੌਰ ਅਤੇ ਨੇਹਾ ਨੇ ਹਰੇਕ ਵਿਦਿਆਰਥੀ ਨਾਲ ਨਿੱਜੀ ਤੌਰ 'ਤੇ ਗੱਲਬਾਤ ਕੀਤੀ | ਵਿਦਿਆਰਥੀਆਂ ਨੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ 'ਸਰਬੱਤ ਦਾ ਭਲਾ' ਸਿਧਾਂਤ ਦੀ ਪਾਲਨਾ ਕਰਨ ਅਤੇ ਪੂਰੇ ਦਿਲ ਨਾਲ ਪੀੜਤਾਂ ਦੀ ਸੇਵਾ ਕਰਨ ਦਾ ਪ੍ਰਣ ਲਿਆ | ਇਸ ਮੀਟ ਵਿਚ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੇਖਣ ਨੂੰ ਮਿਲੀ |