ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਮਨਪ੍ਰੀਤ ਸਿੰਘ)-ਘਰੇਲੂ ਹਿੰਸਾ ਦੇ ਗੰਭੀਰ ਮੁੱਦੇ 'ਤੇ ਜਾਗਰੂਕਤਾ ਫੈਲਾਉਣ ਲਈ, ਰਿਮਟ ਯੂਨੀਵਰਸਿਟੀ ਦੇ ਕਾਨੂੰਨ ਵਿਭਾਗ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਫਾਈਨ ਆਰਟਸ ਕਲੱਬ ਦੇ ਸਹਿਯੋਗ ਨਾਲ ਸਲੋਗਨ ਲਿਖਣ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਵਿਸ਼ਿਆਂ ਦੇ 40 ਤੋਂ ਵੱਧ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਕੱਤਰ ਅਸ਼ੋਕ ਕੁਮਾਰ ਚੌਹਾਨ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਯੂਨੀਵਰਸਿਟੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਦੀ ਘਰੇਲੂ ਹਿੰਸਾ ਵਿਰੁੱਧ ਖੜ੍ਹੇ ਹੋਣ ਦੀ ਮਹੱਤਤਾ ਨੂੰ ਉਜਾਗਰ ਕਰਨ ਲਈ ਆਪਣੀ ਪ੍ਰਤਿਭਾ ਦੀ ਵਰਤੋਂ ਕਰਨ ਦੀ ਸ਼ਲਾਘਾ ਕੀਤੀ | ਪੋਸਟਰ ਮੇਕਿੰਗ ਮੁਕਾਬਲੇ ਵਿਚ ਹਿਮਾਨੀ (ਫਿਜ਼ੀਉਥੈਰੇਪੀ) ਨੇ ਪਹਿਲਾ, ਵਾਈ. ਰਿਹਾਨ (ਫਾਈਨ ਆਰਟਸ) ਨੇ ਦੂਜਾ ਅਤੇ ਹਿਮਾਂਸ਼ੂ (ਫਾਈਨ ਆਰਟਸ) ਨੇ ਤੀਜਾ ਸਥਾਨ ਹਾਸਲ ਕੀਤਾ | ਸਲੋਗਨ ਲਿਖਣ ਦੇ ਮੁਕਾਬਲੇ ਵਿਚ ਸਿਮਰਨਪ੍ਰੀਤ ਕੌਰ (ਬੀ.ਬੀ.ਏ.ਐਲ.ਐੱਲ.ਬੀ.) ਨੇ ਪਹਿਲਾ, ਸਿਮਰਨਪ੍ਰੀਤ ਕੌਰ (ਬੀ.ਐਸ.ਸੀ.) ਨੇ ਦੂਜਾ 'ਤੇ ਹਸਰਤ (ਬੀ.ਏ.ਐੱਲ.ਐੱਨ.ਬੀ.) ਨੇ ਤੀਜਾ ਸਥਾਨ ਹਾਸਲ ਕੀਤਾ | ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ ਅਤੇ ਜੇਤੂਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |