ਮੰਡੀ ਗੋਬਿੰਦਗੜ੍ਹ, 4 ਸਤੰਬਰ (ਇਕਬਾਲਦੀਪ ਸੰਧੂ)-ਮੋਦੀ ਸਰਕਾਰ ਨੇ ਜੀ.ਐਸ.ਟੀ. ਸੁਧਾਰਾਂ 'ਤੇ ਇਕ ਵੱਡਾ ਫ਼ੈਸਲਾ ਲਿਆ ਹੈ | ਕੇਂਦਰ ਸਰਕਾਰ ਨੇ 12 ਅਤੇ 28 ਫ਼ੀਸਦੀ ਦੇ ਟੈਕਸ ਸਲੈਬ ਨੂੰ ਖ਼ਤਮ ਕਰ ਦਿੱਤਾ ਹੈ ਅਤੇ ਹੁਣ ਸਿਰਫ਼ 5 ਅਤੇ 18 ਫ਼ੀਸਦੀ ਦੇ ਦੋ ਟੈਕਸ ਸਲੈਬ ਲਾਗੂ ਹੋਣਗੇ | ਇਸ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਭਾਜਪਾ ਜ਼ਿਲ੍ਹਾ ਜਨਰਲ ਸਕੱਤਰ ਰਵਿੰਦਰ ਸਿੰਘ ਪਦਮ, ਸੂਬਾ ਕਾਰਜਕਾਰਨੀ ਮੈਂਬਰ ਰਾਕੇਸ਼ ਗੁਪਤਾ ਅਤੇ ਜ਼ਿਲ੍ਹਾ ਖ਼ਜ਼ਾਨਚੀ ਸਾਹਿਲ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਨਵੀਆਂ ਟੈਕਸ ਦਰਾਂ 22 ਸਤੰਬਰ ਤੋਂ ਲਾਗੂ ਕੀਤੀਆਂ ਜਾਣਗੀਆਂ | ਸ. ਪਦਮ ਅਤੇ ਗੁਪਤਾ ਨੇ ਕਿਹਾ ਕਿ ਜੀ.ਐਸ.ਟੀ. ਕੌਂਸਲ ਨੇ ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਦਰਾਂ ਵਿਚ ਕਟੌਤੀ ਅਤੇ ਸੁਧਾਰਾਂ 'ਤੇ ਸਮੂਹਿਕ ਤੌਰ 'ਤੇ ਸਹਿਮਤੀ ਜਤਾਈ ਹੈ, ਜਿਸ ਦਾ ਲਾਭ ਆਮ ਆਦਮੀ, ਕਿਸਾਨ, ਐਮ.ਐਸ.ਐਮ.ਈ, ਮੱਧ ਵਰਗ, ਔਰਤਾਂ ਅਤੇ ਨੌਜਵਾਨਾਂ ਨੂੰ ਹੋਵੇਗਾ | ਪਦਮ ਨੇ ਦੱਸਿਆ ਕਿ ਹੁਣ ਦੁੱਧ, ਰੋਟੀ, ਪੀਜ਼ਾ ਬ੍ਰੈੱਡ, ਛੀਨਾ ਸਮੇਤ ਬਹੁਤ ਸਾਰੀਆਂ ਖਾਣ-ਪੀਣ ਦੀਆਂ ਵਸਤੂਆਂ ਜੀ.ਐਸ.ਟੀ ਮੁਕਤ ਹੋਣਗੀਆਂ | ਇਸ ਮੌਕੇ 'ਤੇ ਯੂਥ ਆਗੂ ਹਿਤੇਸ਼ ਗਾਵਰੀ, ਹਿਮਾਂਸ਼ੂ ਗੋਇਲ, ਰਾਜਨ ਕੱਕੜ, ਸਿਮਰਨਜੀਤ ਸੋਨੂੰ ਗੋਬਿੰਦਗੜ੍ਹੀਆ, ਅਮਨਦੀਪ ਸਿੰਘ, ਅੰਮਿ੍ਤਪਾਲ ਸਿੰਘ, ਪਦਮ ਜੈਸਵਾਲ ਅਤੇ ਹਰਕੇਸ਼ ਗੋਇਲ ਨੇ ਵੀ ਵੱਡੇ ਜੀ.ਐਸ.ਟੀ. ਸੁਧਾਰਾਂ ਦਾ ਸਵਾਗਤ ਕੀਤਾ |