ਫ਼ਤਹਿਗੜ੍ਹ ਸਾਹਿਬ, 5 ਸਤੰਬਰ (ਰਵਿੰਦਰ ਮੌਦਗਿਲ)-ਪਟਿਆਲਾ ਵਿਖੇ ਹੋਏ ਸਮਾਗਮ ਦੌਰਾਨ ਡੀ.ਜੀ.ਪੀ ਪੰਜਾਬ ਚੰਡੀਗੜ੍ਹ ਸ਼ਸੀ ਪ੍ਰਭਾ ਦਿਵੇਦੀ ਸਪੈਸ਼ਲ ਡੀ.ਜੀ.ਪੀ ਰੇਲਵੇਜ਼ ਪਟਿਆਲਾ ਵਲੋਂ ਆਸਟੇ੍ਰਲੀਅਨ ਨਾਗਰਿਕ ਨਾਲ ਹੋਈ ਲੁੱਟ ਖੋਹ ਦੇ ਮਾਮਲੇ ਨੂੰ ਹੱਲ ਕਰਨ ਲਈ ਅੱਜ ਜੀ.ਆਰ.ਪੀ.ਥਾਣਾ ਸਰਹਿੰਦ ਦੇ ਮੁੱਖ ਅਫ਼ਸਰ ਇੰਸਪੈਕਟਰ ਰਤਨ ਲਾਲ ਤੇ ਉਨ੍ਹਾਂ ਦੀ ਟੀਮ ਵਿਚ ਸ਼ਾਮਿਲ ਸਹਾਇਕ ਥਾਣੇਦਾਰ ਸੁਗਰੀਵ ਚੰਦ, ਹੌਲਦਾਰ ਨਵਜੀਤ ਧੀਰ, ਸੀਨੀਅਰ ਸਿਪਾਹੀ ਸਿਧਾਰਥ ਨੂੰ ਵਧੀਆ ਕਾਰਗੁਜ਼ਾਰੀ ਲਈ 'ਡੀ.ਜੀ.ਪੀ' ਡਿਸਕ ਪ੍ਰਦਾਨ ਕੀਤੀ ਗਈ | ਇਸ ਮੌਕੇ ਏ.ਪੀ.ਐਸ ਘੰੁਮਣ ਏ.ਆਈ.ਜੀ, ਜੀ.ਆਰ.ਪੀ ਪਟਿਆਲਾ, ਅਨੀਤਾ ਸੈਣੀ ਡੀ.ਐਸ.ਪੀ ਜ਼ੋਨਲ ਪਟਿਆਲਾ ਹਾਜ਼ਰ ਸਨ | ਦੱਸਣਯੋਗ ਹੈ ਕਿ ਡੀ.ਜੀ.ਪੀ ਸ਼ਸੀ ਪ੍ਰਭਾ ਦਿਵੇਦੀ ਵਲੋਂ ਇੰਸਪੈਕਟਰ ਰਤਨ ਲਾਲ ਨੂੰ ਜੀ.ਆਰ.ਪੀ.ਥਾਣਾ ਸਰਹਿੰਦ ਦੇ ਮੁੱਖ ਅਫ਼ਸਰ ਹੁੰਦੇ ਹੋਏ ਉਨ੍ਹਾਂ ਵਲੋਂ ਨਿਭਾਈਆਂ ਜਾ ਰਹੀਆਂ ਵਧੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਨਮਾਨ ਦੇ ਰੂਪ ਵਿਚ ਤੀਜੀ ਡਿਸਕ ਪ੍ਰਦਾਨ ਕੀਤੀ ਗਈ ਹੈ | ਇਸ ਤੋਂ ਪਹਿਲਾਂ ਜੂਨ ਅਤੇ ਅਗਸਤ 2025 ਵਿਚ ਵੀ ਉਹ ਸਨਮਾਨ ਦੇ ਰੂਪ ਵਿਚ 'ਡੀ.ਜੀ.ਪੀ' ਡਿਸਕ ਹਾਸਿਲ ਕਰ ਚੁੱਕੇ ਹਨ | ਇੰਸਪੈਕਟਰ ਰਤਨ ਲਾਲ ਨੇ ਦੱਸਿਆ ਕਿ ਆਸਟੇ੍ਰਲੀਅਨ ਨਾਗਰਿਕ ਕਾਹ ਕਿਨ ਨੂੰ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਦੇ ਨਜ਼ਦੀਕ 8 ਨਾਮਾਲੂਮ ਵਿਅਕਤੀਆਂ ਵਲੋਂ ਉਸ ਦੀ ਕੁੱਟਮਾਰ ਕਰਕੇ ਸਾਰਾ ਸਾਮਾਨ, ਜਿਸ ਵਿਚ ਉਸ ਦਾ ਪਾਸਪੋਰਟ, ਆਸਟੇ੍ਰਲੀਅਨ ਡਾਲਰ, ਭਾਰਤੀ ਕਰੰਸੀ, ਕੈਮਰਾ, ਘੜੀ ਅਤੇ ਹੋਰ ਜ਼ਰੂਰੀ ਸਾਮਾਨ ਖੋਹ ਲਿਆ ਗਿਆ ਸੀ | ਜਿਸ 'ਤੇ 8 ਅਪ੍ਰੈਲ 2025 'ਚ ਜੀ.ਆਰ.ਪੀ. ਥਾਣਾ ਸਰਹਿੰਦ ਵਿਚ ਡਕੈਤੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਸੀ | ਇਸ ਮਾਮਲੇ ਵਿਚ ਥਾਣਾ ਇੰਚਾਰਜ ਇੰਸਪੈਕਟਰ ਰਤਨ ਲਾਲ ਤੇ ਟੀਮ ਵਲੋਂ ਨਾ ਸਿਰਫ਼ ਡਕੈਤਾਂ ਨੂੰ ਗਿ੍ਫ਼ਤਾਰ ਕੀਤਾ ਗਿਆ, ਬਲਕਿ ਖੋਹਿਆ ਹੋਇਆ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ |