ਜਖਵਾਲੀ, 5 ਸਤੰਬਰ (ਨਿਰਭੈ ਸਿੰਘ)-ਪੰਜਾਬ ਵਿਚ ਪਿਛਲੇ ਦਿਨਾਂ ਤੋਂ ਹੋ ਰਹੀ ਭਾਰੀ ਬਾਰਸ਼ ਕਾਰਨ ਹੜ੍ਹਾਂ ਵਿਚ ਫਸੇ ਪੰਜਾਬ ਦੇ ਕਈ ਜ਼ਿਲਿ੍ਹਆਂ ਦੇ ਪੀੜਤ ਲੋਕਾਂ ਦੀ ਕੇਂਦਰ ਅਤੇ ਸੂਬਾ ਸਰਕਾਰ ਬਾਂਹ ਫੜ੍ਹੇ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਚਨਾਰਥਲ ਦੇ ਸਾਬਕਾ ਚੇਅਰਮੈਨ ਹਰਭਜਨ ਸਿੰਘ ਚਨਾਰਥਲ ਨੇ ਕੀਤਾ | ਸ. ਚਨਾਰਥਲ ਨੇ ਕਿਹਾ ਕਿ ਸੰਨ 1988 ਤੇ 1992 ਵਿਚ ਹੜ੍ਹਾਂ ਨਾਲ ਜੋ ਪੰਜਾਬ ਦੀ ਬਰਬਾਦੀ ਹੋਈ ਸੀ ਉਸ ਨਾਲੋਂ ਕਿਤੇ ਵੱਧ ਕੇ ਹੁਣ ਹੜ੍ਹਾਂ ਨੇ ਪੰਜਾਬ ਦੇ ਲੋਕਾਂ ਦਾ ਵੱਡਾ ਨੁਕਸਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਦੇਸ਼ ਉੱਪਰ ਕੋਈ ਵੀ ਆਫ਼ਤ ਪੈਂਦੀ ਹੈ ਤਾਂ ਪੰਜਾਬੀ ਵੱਡੀ ਗਿਣਤੀ ਵਿਚ ਪਹੰੁਚ ਕੇ ਲੋਕਾਂ ਦੀ ਸੇਵਾ ਕਰਨ ਲੱਗ ਜਾਂਦੇ ਹਨ, ਪਰ ਹੁਣ ਪੰਜਾਬ ਉੱਪਰ ਕੁਦਰਤੀ ਕਰੋਪੀ ਆਉਣ ਨਾਲ ਨਾ ਹੀ ਸੂਬਾ ਸਰਕਾਰ ਨੇ ਕੋਈ ਰਾਹਤ ਪੈਕੇਜ ਦਿੱਤਾ ਗਿਆ ਹੈ ਤੇ ਨਾ ਹੀ ਕੇਂਦਰ ਸਰਕਾਰ ਨੇ ਪੰਜਾਬ ਦੇ ਹੜ੍ਹ ਪੀੜਤਾਂ ਲਈ ਕੋਈ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਹੈ, ਪਰ ਫਿਰ ਵੀ ਪੰਜਾਬੀ ਚੜ੍ਹਦੀਕਲਾ ਵਿਚ ਹਨ | ਉਨ੍ਹਾਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਤੋ ਮੰਗ ਕੀਤੀ ਕਿ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਦੇ ਮੁੜ ਵਸੇਬੇ ਲਈ ਵੱਡਾ ਰਾਹਤ ਪੈਕੇਜ ਦੇ ਕੇ ਮਦਦ ਕੀਤੀ ਜਾਵੇ |