ਫ਼ਤਹਿਗੜ੍ਹ ਸਾਹਿਬ, 6 ਸਤੰਬਰ (ਬਲਜਿੰਦਰ ਸਿੰਘ)-'ਦੀ ਰੈਵੀਨਿਊ ਪਟਵਾਰ ਯੂਨੀਅਨ ਤਹਿਸੀਲ ਫ਼ਤਹਿਗੜ੍ਹ ਸਾਹਿਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਖੁਸ਼ਲੀਨ ਨੰਦਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸ਼ਰਮਾ ਤੇ ਡਿੰਪਲ ਗਰਗ ਸੂਬਾ ਸਹਾਇਕ ਜਨਰਲ ਸਕੱਤਰ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਅਤੇ ਵੱਖ-ਵੱਖ ਸਮਾਜ ਸੇਵੀ ਤੇ ਹੋਰ ਜਥੇਬੰਦੀਆਂ ਹੜ੍ਹਾਂ ਦੇ ਹਾਲਾਤਾਂ ਵਿਚ ਆਪਣਾ ਵਿਸ਼ੇਸ਼ ਯੋਗਦਾਨ ਪਾ ਰਹੀਆਂ ਹਨ ਉੱਥੇ ਦੀ ਰੈਵੀਨਿਊ ਪਟਵਾਰ ਯੂਨੀਅਨ ਆਪਣੇ ਵਲੋਂ ਹੜ੍ਹ ਪੀੜਤਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ | ਖੁਸ਼ਲੀਨ ਨੰਦਾ ਪ੍ਰਧਾਨ ਨੇ ਦੱਸਿਆ ਕਿ ਮੀਟਿੰਗ ਵਿਚ ਹੜ੍ਹ ਪੀੜਤਾਂ ਲਈ 41 ਹਜ਼ਾਰ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਗਈ | ਉਨ੍ਹਾਂ ਦੱਸਿਆ ਕਿ ਨਵ ਨਿਯੁਕਤ 5 ਪਟਵਾਰੀਆਂ ਨੂੰ ਜੁਆਇਨ ਕਰਵਾਇਆ ਗਿਆ | ਉਨ੍ਹਾਂ ਨੂੰ ਪੈੱਨ-ਡਾਈਰੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਵਾਗਤ ਕੀਤਾ ਗਿਆ | ਮੀਟਿੰਗ ਵਿਚ ਪਟਵਾਰੀਆਂ ਦੀਆਂ ਮੁਸ਼ਕਿਲਾਂ ਸੰਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ 'ਤੇ ਮਨਦੀਪ ਸਿੰਘ, ਲਖਬੀਰ ਸਿੰਘ, ਕੋਮਲਪ੍ਰੀਤ ਕੌਰ, ਦੀਪਾਂਸ਼ੂ ਵਡੇਰਾ, ਦੀਪਕ ਗਰਗ, ਬਿਕਰਮਜੀਤ ਸਿੰਘ, ਕਰਮਜੀਤ ਸਿੰਘ, ਮਨਿੰਦਰ ਸਿੰਘ, ਸਚਿਨ, ਕਮਲਾ ਦੇਵੀ, ਬੀਪਨਪ੍ਰੀਤ ਕੌਰ, ਮਨਿੰਦਰ ਸਿੰਘ ਵੀ ਹਾਜ਼ਰ ਸਨ |