ਖਮਾਣੋਂ, 6 ਸਤੰਬਰ (ਜੋਗਿੰਦਰ ਪਾਲ)-ਖੰਨਾ ਰੋਡ 'ਤੇ ਸਥਿਤ ਸਤਲੋਕ ਆਸ਼ਰਮ ਖਮਾਣੋਂ ਵਿਖੇ ਜਗਤ ਗੁਰੂ ਤੱਤਵਦਰਸ਼ੀ ਸੰਤ ਰਾਮਪਾਲ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਉਨ੍ਹਾਂ ਦੇ ਅਵਤਾਰ ਦਿਵਸ ਸਬੰਧੀ ਵਿਸ਼ਾਲ ਤਿੰਨ ਰੋਜ਼ਾ ਸਮਾਗਮ ਸ਼ਨੀਵਾਰ ਨੂੰ ਸਤਲੋਕ ਆਸ਼ਰਮ ਵਿਚ ਸ਼ਰਧਾ ਭਾਵਨਾ ਨਾਲ ਸ਼ੁਰੂ ਹੋਇਆ | ਸਮਾਗਮ ਦੇ ਪਹਿਲੇ ਸੰਤ ਗ਼ਰੀਬ ਦਾਸ ਦੀ ਅੰਮਿ੍ਤਬਾਣੀ ਦੇ ਅਖੰਡ ਪਾਠ ਪ੍ਰਕਾਸ਼ ਕੀਤੇ ਗਏ | ਇਸ ਉਪਰੰਤ ਪ੍ਰੋਜੈਕਟਰ ਰਾਹੀਂ ਵਰਚੂਅਲ ਸਤਿਸੰਗ ਕਰਦੇ ਹੋਏ ਸੰਤ ਰਾਮਪਾਲ ਨੇ ਕਿਹਾ ਕਿ ਭਗਤੀ ਮਾਰਗ ਤੇ ਸਭ ਤੋਂ ਜ਼ਰੂਰੀ ਵਸਤੂ ਨਾਮ ਹੈ ਜਿੰਨੇ ਵੀ ਮਹਾਂਪੁਰਸ਼ਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਉਨ੍ਹਾਂ ਸਭ ਨੇ ਸਤਿਨਾਮ ਦਾ ਹੀ ਜਾਪ ਕੀਤਾ ਜਿਸ ਦਾ ਵਰਣਨ ਸਾਰੇ ਸੰਤਾਂ ਨੇ ਆਪਣੀ ਬਾਣੀ ਵਿਚ ਕੀਤਾ ਅਤੇ ਇਸੇ ਦਾ ਸੰਕੇਤ ਸ੍ਰੀਮਦ ਭਗਵਤ ਗੀਤਾ ਵਿਚ ਵੀ ਹੈ | ਪਰ ਇਹ ਨਾਮ ਪੂਰਨ ਸੰਤ ਤੋਂ ਪ੍ਰਾਪਤ ਕਰਨ ਨਾਲ ਹੀ ਸਹੀ ਲਾਭ ਪ੍ਰਾਪਤ ਹੋਵੇਗਾ ਅਤੇ ਸੱਚੇ ਸੰਤ ਦੀ ਪਹਿਚਾਣ ਸਾਡੇ ਸਭ ਧਰਮਾਂ ਦੇ ਪਵਿੱਤਰ ਸਦਗ੍ਰੰਥਾਂ ਵਿਚ ਦੱਸੀ ਗਈ ਹੈ | ਜੇਕਰ ਅਸੀਂ ਆਪਣੇ ਪਵਿੱਤਰ ਸਦਗ੍ਰੰਥਾਂ ਦੇ ਅਨੁਸਾਰ ਭਗਤੀ ਨਹੀਂ ਕਰਦੇ ਤਾਂ ਸਾਰੀਆਂ ਮਨਮੁਖੀ ਸਾਧਨਾਵਾਂ ਵਿਅਰਥ ਹਨ ਉਹ ਲਾਭ ਦੀ 'ਤੇ ਥਾਂ ਹਾਨੀ ਹੀ ਕਰਦੀਆਂ ਹਨ | ਪ੍ਰਬੰਧਕ ਸੇਵਾਦਾਰਾਂ ਨੇ ਮੀਡੀਆ ਨੂੰ ਦੱਸਿਆ ਕਿ ਕੱਲ੍ਹ 7 ਸਤੰਬਰ ਨੂੰ ਦਹੇਜ ਤੇ ਫ਼ਜ਼ੂਲ ਖ਼ਰਚੀ ਰਹਿਤ ਵਿਆਹ ਅਤੇ ਵਿਸ਼ਾਲ ਖ਼ੂਨਦਾਨ ਕੈਂਪ ਆਯੋਜਿਤ ਕੀਤਾ ਜਾਵੇਗਾ | ਸਮਾਗਮ ਦੇ ਪਹਿਲੇ ਦਿਨ ਹੀ ਆਸ਼ਰਮ ਖ਼ਚਾਖਚ ਭਰਿਆ ਹੋਇਆ ਸੀ ਅਤੇ ਸਮਾਗਮ ਦੇ ਤਿੰਨੇ ਦਿਨ ਸ਼ੁੱਧ ਦੇਸੀ ਘਿਓ ਦਾ ਭੰਡਾਰਾ ਤੇ ਲੱਡੂ ਜਲੇਬੀ ਦਾ ਪ੍ਰਸ਼ਾਦ ਅਤੁੱਟ ਵਰਤੇਗਾ |