ਸੰਘੋਲ, 6 ਸਤੰਬਰ (ਪਰਮਵੀਰ ਸਿੰਘ ਧਨੋਆ)-ਇਲਾਕੇ ਦੀਆਂ ਬਦ-ਹਾਲ ਿਲੰਕ ਸੜਕਾਂ ਰਾਹਗੀਰਾਂ ਲਈ ਭਾਰੀ ਪ੍ਰੇਸ਼ਾਨੀ ਦਾ ਸਬੱਬ ਬਣੀਆਂ ਹੋਈਆਂ ਹਨ | ਦੱਸਣਯੋਗ ਹੈ ਕਿ ਬਹੁਤੀਆਂ ਿਲੰਕ ਸੜਕਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ | ਜਿਸ ਕਾਰਨ ਜਿੱਥੇ ਵਾਹਨਾਂ ਦਾ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਹਾਦਸੇ ਵੇਖਣ ਨੂੰ ਮਿਲ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਹਾਲਾਤ ਇਹ ਹਨ ਕਿ ਸਰਕਾਰ ਅਤੇ ਸਰਕਾਰੀ ਤੰਤਰ ਉਕਤ ਸਮੱਸਿਆ ਨੂੰ ਹੱਲ ਕਰਨ 'ਚ ਨਾਕਾਮ ਸਾਬਿਤ ਹੋ ਰਿਹਾ ਹੈ | ਬੀਤੇ ਕਈ ਦਿਨਾਂ ਤੋਂ ਮੀਂਹ ਕਾਰਨ ਇਨ੍ਹਾਂ ਟੋਏ ਵਾਲੀਆਂ ਸੜਕਾਂ ਦੀ ਹਾਲਤ ਵਧੇਰੇ ਬਦਤਰ ਹੋ ਚੁੱਕੀ ਹੈ | ਲੋਕਾਂ ਦੀ ਦਰਪੇਸ਼ ਪਰੇਸ਼ਾਨੀ ਨੂੰ ਵੇਖਦਿਆਂ ਬਾਬਾ ਰਣਜੀਤ ਸਿੰਘ ਪ੍ਰਬੰਧਕ ਗੁਰਦੁਆਰਾ ਬਾਉਲੀ ਸਾਹਿਬ ਪਿੰਡ ਬਾਠਾਂ ਕਲਾਂ ਵਲੋਂ ਸੜਕਾਂ 'ਤੇ ਰੋੜੀ ਪਾ ਕੇ ਟੋਏ ਭਰਨ ਦਾ ਫ਼ੈਸਲਾ ਲਿਆ ਗਿਆ ਹੈ | ਗੱਲਬਾਤ ਮੌਕੇ ਬਾਬਾ ਰਣਜੀਤ ਸਿੰਘ ਨੇ ਦੱਸਿਆ ਕਿ ਪਿੰਡ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਾਉਲੀ ਸਾਹਿਬ ਵਿਖੇ 5-6 ਟਰਾਲੀਆਂ ਰੋੜ੍ਹੀ ਕੁੱਟ ਕੇ ਭਰੀਆਂ ਗਈਆਂ ਹਨ | ਜਿਨ੍ਹਾਂ ਨਾਲ ਿਲੰਕ ਸੜਕਾਂ ਦੇ ਟੋਏ ਭਰਨ ਦੀ ਯੋਜਨਾ ਹੈ | ਸ਼ੁਰੂਆਤੀ ਦੌਰ 'ਚ ਬਿਲਾਸਪੁਰ, ਖਮਾਣੋਂ, ਸੰਘੋਲ ਅਤੇ ਬਸੀ ਪਠਾਣਾਂ ਸੜਕ ਦੇ ਟੋਏ ਭਰੇ ਜਾਣਗੇ | ਉਪਰੰਤ ਲੋਕਾਂ ਦੇ ਸਹਿਯੋਗ ਨਾਲ ਹੋਰਨਾਂ ਲੋੜੀਂਦੀਆਂ ਥਾਵਾਂ 'ਤੇ ਸੜਕ 'ਤੇ ਰੋੜੀ ਪਾਈ ਜਾਵੇਗੀ | ਬਾਬਾ ਰਣਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਉਕਤ ਕਾਰਜ 'ਚ ਸੰਭਵ ਮਦਦ ਕਰਨ ਦੀ ਅਪੀਲ ਵੀ ਕੀਤੀ | ਇਸ ਮੌਕੇ 'ਤੇ ਪਾਲ ਸਿੰਘ ਸਾਬਕਾ ਸਰਪੰਚ, ਨਿਰਭੈ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਲਖਵਿੰਦਰ ਸਿੰਘ ਪ੍ਰਧਾਨ, ਗੋਲਡੀ, ਅਵਤਾਰ ਸਿੰਘ, ਬਲਜਿੰਦਰ ਸਿੰਘ, ਬਹਾਦਰ ਸਿੰਘ ਭਾਂਬਰੀ, ਅਮਰੀਕ ਸਿੰਘ ਆਦਿ ਮੌਜੂਦ ਸਨ |