ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੀ ਵਿਦਿਆਰਥਣ ਅਮਨਦੀਪ ਕੌਰ ਦੀ ਚੀਨ ਵਿਚ ਹੋਣ ਵਾਲੀ ਏਸ਼ੀਆਈ ਰਗਬੀ ਚੈਂਪੀਅਨਸ਼ਿਪ ਲਈ ਇੰਡੀਆ ਟੀਮ ਵਿਚ ਚੋਣ ਹੋਈ ਹੈ | ਇਹ ਪਹਿਲੀ ਵਾਰ ਹੈ ਕਿ ਪੂਰੇ ਪੰਜਾਬ 'ਚੋਂ ਕਿਸੇ ਵੀ ਖਿਡਾਰਨ ਨੇ ਇੰਡੀਆ ਰਗਬੀ ਟੀਮ ਵਿਚ ਆਪਣੀ ਥਾਂ ਬਣਾਈ ਹੈ | ਅਮਨਦੀਪ ਨੇ ਆਪਣੇ ਖੇਡ ਸਫ਼ਰ ਦੀ ਸ਼ੁਰੂਆਤ ਐਥਲੈਟਿਕਸ ਨਾਲ ਕੀਤੀ ਸੀ, ਜਿੱਥੇ ਉਸ ਨੇ ਜੈਵਲਿਨ ਥਰੋਅ ਰਾਹੀਂ ਆਪਣੀ ਤਾਕਤ ਤੇ ਫੁਰਤੀ ਨੂੰ ਨਿਖਾਰਿਆ | ਬਾਅਦ ਵਿਚ ਰਗਬੀ ਵੱਲ ਰੁਝਾਨ ਕੀਤਾ ਅਤੇ ਕੌਮੀ ਖੇਡਾਂ ਤੋਂ ਲੈ ਕੇ ਆਲ ਇੰਡੀਆ ਯੂਨੀਵਰਸਿਟੀ ਖੇਡਾਂ ਤੱਕ ਕਈ ਵਾਰ ਆਪਣੀ ਯੂਨੀਵਰਸਿਟੀ ਦਾ ਨਾਮ ਰੌਸ਼ਨ ਕੀਤਾ | ਹੁਣ ਉਸ ਦੀ ਚੋਣ ਏਸ਼ੀਆਈ ਪੱਧਰ 'ਤੇ ਹੋਣਾ ਨਾ ਸਿਰਫ਼ ਉਸ ਲਈ ਸਨਮਾਨ ਹੈ, ਸਗੋਂ ਯੂਨੀਵਰਸਿਟੀ ਤੇ ਪੰਜਾਬ ਲਈ ਵੀ ਮਾਣ ਦਾ ਪਲ ਹੈ | ਇਸ ਮਹੱਤਵਪੂਰਨ ਪ੍ਰਾਪਤੀ 'ਤੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪਰਿਤਪਾਲ ਸਿੰਘ ਨੇ ਕਿਹਾ ਕਿ ਅਮਨਦੀਪ ਕੌਰ ਦੀ ਸਫ਼ਲਤਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿਚ ਛੁਪੀ ਪ੍ਰਤਿਭਾ ਅਤੇ ਸੰਭਾਵਨਾਵਾਂ ਦਾ ਪ੍ਰਤੀਕ ਹੈ | ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਹਮੇਸ਼ਾ ਤੋਂ ਵਿਦਿਆਰਥੀਆਂ ਨੂੰ ਅਕਾਦਮਿਕ ਅਤੇ ਖੇਡ ਖੇਤਰ ਦੋਵਾਂ ਵਿਚ ਉੱਚ ਪੱਧਰ ਦੀ ਸਿੱਖਿਆ ਅਤੇ ਸਹੂਲਤਾਂ ਪ੍ਰਦਾਨ ਕਰਦੀ ਆਈ ਹੈ | ਉਨ੍ਹਾਂ ਕਿਹਾ ਕਿ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਦਾ ਸਾਧਨ ਨਹੀਂ, ਬਲਕਿ ਇਹ ਜੀਵਨ ਵਿਚ ਅਨੁਸ਼ਾਸਨ, ਸਬਰ, ਹਿੰਮਤ ਅਤੇ ਟੀਮ ਸਪਿਰਿਟ ਪੈਦਾ ਕਰਦੀਆਂ ਹਨ | ਉਨ੍ਹਾਂ ਅਮਨਦੀਪ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਸ ਦੀ ਇਹ ਯਾਤਰਾ ਹੋਰ ਵਿਦਿਆਰਥੀਆਂ ਲਈ ਪੇ੍ਰਰਨਾ ਦਾ ਸਰੋਤ ਬਣੇਗੀ |