ਅਮਲੋਹ, 24 ਸਤੰਬਰ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਬੀਤੇ ਦਿਨ 1007 ਨਾਨ-ਟੀਚਿੰਗ ਕਰਮਚਾਰੀਆਂ ਨੂੰ ਰੈਗੂਲਰ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜੋ ਕਿ ਉਨ੍ਹਾਂ ਨਾਲ ਧੱਕਾ ਹੈ | ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ ਲਗਭਗ 17-18 ਸਾਲ ਤੋਂ ਠੇਕੇ ਦੀ ਸਰਵਿਸ ਕਰਦਿਆਂ ਸ਼ੋਸ਼ਣ ਕਰਵਾ ਰਹੇ ਇਨ੍ਹਾਂ ਕਰਮਚਾਰੀਆਂ ਦੀ ਤਨਖ਼ਾਹ ਰੈਗੂਲਰ ਹੋਣ ਤੋਂ ਬਾਅਦ ਘੱਟ ਜਾਵੇਗੀ | ਸਰਕਾਰ ਦੇ ਇਸ ਘਟੀਆ ਫ਼ੈਸਲੇ ਕਾਰਨ ਆਪਣੀ ਅੱਧੀ ਜ਼ਿੰਦਗੀ ਠੇਕੇ 'ਤੇ ਗੁਜ਼ਾਰ ਚੁੱਕੇ ਇਹ ਕਰਮਚਾਰੀ ਹੁਣ ਦੁਬਾਰਾ ਤਿੰਨ ਸਾਲ ਪ੍ਰੋਬੇਸ਼ਨ ਪੀਰੀਅਡ 'ਤੇ ਸਿਰਫ਼ ਬੇਸਿਕ-ਪੇਅ ਉੱਪਰ ਕੰਮ ਕਰਨਗੇ | ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁਖਵਿੰਦਰ ਸੁੱਖੀ, ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਨਾਨ-ਟੀਚਿੰਗ ਕਰਮਚਾਰੀਆਂ ਨੂੰ ਪੰਜਾਬ ਸਕੇਲ 'ਤੇ ਬਿਨ੍ਹਾਂ ਕੋਈ ਪ੍ਰੋਬੇਸ਼ਨ ਪੀਰੀਅਡ ਲਗਾਇਆ ਪੂਰੀ ਤਨਖ਼ਾਹ 'ਤੇ ਰੈਗੂਲਰ ਕੀਤਾ ਜਾਵੇ |