ਮੰਡੀ ਗੋਬਿੰਦਗੜ੍ਹ, 25 ਸਤੰਬਰ (ਰਾਜੇਸ਼ ਸ਼ਰਮਾ)-ਮੰਡੀ ਗੋਬਿੰਦਗੜ੍ਹ ਪੁਲਿਸ ਨੇ ਰੇਲਵੇ ਸਟੇਸ਼ਨ ਨੇੜੇ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਦੇ ਹੋਏ 4 ਔਰਤਾਂ ਅਤੇ 1 ਮਰਦ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ | ਸਬ-ਇੰਸਪੈਕਟਰ ਹਰਮਨਪਰੀਤ ਕੌਰ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਦੀਪ ਸਿੰਘ ਕੋਲ ਮੁਖ਼ਬਰ ਖ਼ਾਸ ਨੇ ਆ ਕੇ ਇਤਲਾਹ ਦਿੱਤੀ ਕਿ ਇਕ ਪ੍ਰਵਾਸੀ ਔਰਤ ਹਾਲ-ਆਬਾਦ ਵਾਸੀ ਕਿਰਾਏਦਾਰ ਅੰਬੇਮਾਜਰਾ ਸਮੇਤ ਤਿੰਨ ਹੋਰ ਔਰਤਾਂ ਆਪਸ ਵਿਚ ਮਿਲ ਕੇ ਇਕ ਨਿੱਜੀ ਸਕੂਲ ਅਤੇ ਰੇਲਵੇ ਸਟੇਸ਼ਨ ਨੇੜੇ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ | ਜਿਸ ਨਾਲ ਸਮਾਜ 'ਤੇ ਬੁਰਾ ਪ੍ਰਭਾਵ ਪੈ ਰਿਹਾ ਹੈ | ਸੂਚਨਾ 'ਤੇ ਕਰਦਿਆਂ ਇੰਸਪੈਕਟਰ ਸੰਦੀਪ ਸਿੰਘ, ਐਸ.ਆਈ. ਹਰਮਨਪ੍ਰੀਤ ਕੌਰ, ਐਸ.ਆਈ. ਮਨਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਉਕਤ ਸਥਾਨ 'ਤੇ ਛਾਪੇਮਾਰੀ ਕੀਤੀ | ਜਿੱਥੋਂ ਪੁਲਿਸ ਨੇ ਚਾਰ ਔਰਤਾਂ ਅਤੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ, ਜਿੰਨ੍ਹਾਂ ਦੇ ਖ਼ਿਲਾਫ਼ ਧਾਰਾ 3, 4, 5, 6 ਇਮੋਰਲ ਟ੍ਰੈਫ਼ਿਕ ਪਰਵੈਨਸ਼ਿਨ ਐਕਟ 1956 ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |