ਫ਼ਤਹਿਗੜ੍ਹ ਸਾਹਿਬ, 25 ਸਤੰਬਰ (ਮਨਪ੍ਰੀਤ ਸਿੰਘ)-ਅੱਜ ਇੱਥੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਯਾਦਗਾਰ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦੀ ਲੜੀ ਵਿਚ ਵਾਧਾ ਕਰਦੇ ਹੋਏ, ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਤੇ ਸਮੂਹ ਮੈਂਬਰਾਂ ਨੇ ਸੰਗਤਾਂ ਦੀ ਸਹੂਲਤ ਲਈ 2 ਕਮਰਿਆਂ ਅਤੇ ਇਕ ਨਵੇਂ ਜਨਰੇਟਰ ਦਾ ਉਦਘਾਟਨ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ | ਇਸ ਮੌਕੇ ਚੇਅਰਮੈਨ ਨਿਰਮਲ ਸਿੰਘ ਐਸ.ਐਸ ਨੇ ਆਖਿਆ ਕਿ ਉਨ੍ਹਾਂ ਅਤੇ ਟਰੱਸਟ ਦੇ ਸਮੂਹ ਮੈਂਬਰਾਂ ਦੀ ਦਿਲੀ ਇੱਛਾ ਹੈ, ਕਿ ਨਰਸਿੰਗ ਕੋਰਸ ਦੀ ਸਿਖਲਾਈ ਲਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਖੇ ਬਾਬਾ ਜੀ ਦੇ ਨਾਮ ਤੇ ਖੋਲ੍ਹੀ ਜਾਵੇ ਤਾਂ ਜੋ ਬਾਬਾ ਜੀ ਦਾ ਨਾਮ ਦੇਸ਼-ਵਿਦੇਸ਼ ਵਿਚ ਉੱਚਾ ਹੋ ਸਕੇ | ਉਨ੍ਹਾਂ ਹੋਰ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਸੋਲਰ ਪਲਾਂਟ, ਪ੍ਰਬੰਧਕੀ ਕੰਪਲੈਕਸ ਦੀ ਬਿਲਡਿੰਗ ਦਾ ਸੁੰਦਰੀਕਰਨ, ਸੰਗਤਾਂ ਦੀ ਸਹੂਲਤ ਲਈ ਨਵੇਂ ਅਟੈਚ ਬਾਥਰੂਮ ਕਮਰੇ, ਦਰਬਾਰ ਸਾਹਿਬ ਦਾ ਸੁੰਦਰੀਕਰਨ ਆਦਿ ਪ੍ਰੋਜੈਕਟ ਪਹਿਲਾਂ ਹੀ ਪੂਰੇ ਕੀਤੇ ਜਾ ਚੁੱਕੇ ਹਨ | ਇਸ ਮੌਕੇ ਤੇ ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਜਸਪਾਲ ਸਿੰਘ ਕਲੌਂਦੀ, ਜੈ ਕਿ੍ਸ਼ਨ ਕਸ਼ਯਪ, ਮੈਨੇਜਰ ਨਵਜੋਤ ਸਿੰਘ, ਕੁਲਦੀਪ ਸਿੰਘ ਜੇ.ਈ, ਬੀਬੀ ਬਲਜਿੰਦਰ ਕੌਰ, ਬਲਦੇਵ ਸਿੰਘ ਲੁਹਾਰਾ, ਬਨਾਰਸੀ ਦਾਸ ਅਤੇ ਜੋਗਿੰਦਰ ਪਾਲ ਆਦਿ ਮੈਂਬਰ ਮੌਜੂਦ ਸਨ |