ਖਮਾਣੋਂ, 27 ਸਤੰਬਰ (ਜੋਗਿੰਦਰ ਸਿੰਘ)-ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਮਾਤਾ ਨਰਿੰਦਰ ਕੌਰ ਜੀ ਦੀ ਸਿਹਤ ਦਾ ਹਾਲ ਜਾਨਣ ਲਈ ਅੱਜ ਉਹਨਾਂ ਦੇ ਗ੍ਰਹਿ ਪਿੰਡ ਹਵਾਰਾ ਵਿਖੇ ਪਹੁੰਚੇ | ਪ੍ਰੋਫ਼ੈਸਰ ਚੰਦੂਮਾਜਰਾ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਅਤੇ ਕਦਰਾਂ ਕੀਮਤਾਂ ਉੱਤੇ ਵਿਚਾਰ ਕਰਦਿਆਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਤੁਰੰਤ ਪੈਰੋਲ ਦਿੱਤੀ ਜਾਵੇ ਤਾਂ ਜੋ ਉਹ ਆਪਣੀ ਬਜ਼ੁਰਗ ਮਾਂ ਨੂੰ ਮਿਲ ਸਕਣ ਅਤੇ ਉਸਦੇ ਦਰਸ਼ਨ ਕਰ ਸਕਣ ਜੋ ਕਿ ਪਿਛਲੇ 37 ਸਾਲਾਂ ਤੋਂ ਆਪਣੇ ਪੁੱਤਰ ਨੂੰ ਮਿਲਣ ਲਈ ਤਰਸ ਰਹੇ ਹਨ | ਉਨ੍ਹਾਂ ਕਿਹਾ ਕਿ ਮਾਤਾ ਜੀ ਦੀ ਸਿਹਤ 'ਤੇ ਮਾਨਸਿਕ ਅਸਰ ਹੈ ਅਤੇ ਸਾਡੇ ਸੰਵਿਧਾਨ ਤੇ ਸਾਡੀਆਂ ਪਰੰਪਰਾਵਾਂ, ਮਾਨਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਉੱਤੇ ਤੁਰੰਤ ਛੱਡਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ 100 ਤੋਂ ਵੱਧ ਪੰਚਾਇਤਾਂ, ਪਿੰਡ ਹਵਾਰਾ ਦੀ ਪੰਚਾਇਤ ਅਤੇ ਗ੍ਰਾਮ ਸਭਾ ਨੇ ਮਤੇ ਪਾ ਕੇ ਉਨਾਂ ਨੂੰ ਪੈਰੋਲ ਦਿੱਤੇ ਜਾਣ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਪੂਰੀ ਹੋਣ ਉਪਰੰਤ ਉਹ ਮੁੜ ਉਨ੍ਹਾਂ ਨੂੰ ਜੇਲ੍ਹ ਛੱਡ ਕੇ ਆਉਣ ਦੀ ਆਪਣੀ ਜਿੰਮੇਵਾਰੀ ਲੈਣਗੇ | ਚੰਦੂਮਾਜਰਾ ਨੇ ਕਿਹਾ ਕਿ ਉਹ ਇਸ ਸੰਬੰਧੀ ਪੰਜਾਬ ਦੇ ਰਾਜਪਾਲ ਨੂੰ ਜਲਦੀ ਇਕ ਡੈਲੀਗੇਸ਼ਨ ਲੈ ਕੇ ਮਿਲਣਗੇ ਤਾਂ ਜੋ ਉਹ ਇਸ ਸਾਰੀ ਸਥਿਤੀ ਨੂੰ ਭਾਰਤ ਸਰਕਾਰ ਤੱਕ ਪਹੁੰਚਾਉਣ ਅਤੇ ਮੰਗ ਕਰਨਗੇ | ਪ੍ਰੋਫ਼ੈਸਰ ਚੰਦੂਮਾਜਰਾ ਨੇ ਕਿਹਾ ਕਿ ਮਾਤਾ ਜੀ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੂੰ ਜਲਦੀ ਤੋਂ ਜਲਦੀ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਜੀ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਜ਼ਿਲ੍ਹਾ ਡੈਲੀਗੇਟ ਗੁਰਦੀਪ ਸਿੰਘ ਘੁਮਾਣ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਖਮਾਣੋਂ, ਕਸ਼ਮੀਰਾ ਸਿੰਘ ਬਿਲਾਸਪੁਰ ਸਿਆਸੀ ਸਕੱਤਰ ਪ੍ਰੋਫ਼ੈਸਰ ਚੰਦੂ ਮਾਜਰਾ, ਮਨਦੀਪ ਸਿੰਘ ਘੁਮਾਣ, ਬਲਦੇਵ ਸਿੰਘ ਸਾਬਕਾ ਸਰਪੰਚ ਹਵਾਰਾ, ਮਲਾਰਾ ਸਿੰਘ, ਗੁਰਜੋਤ ਸਿੰਘ ਚੜੀ, ਪਰਗਟ ਸਿੰਘ, ਜਗਪਾਲ ਸਿੰਘ, ਜਸਵੰਤ ਸਿੰਘ, ਬਹਾਦਰ ਸਿੰਘ ਆਦਿ ਤੋਂ ਇਲਾਵਾ ਪਿੰਡ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |