ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਬਲਜਿੰਦਰ ਸਿੰਘ)-ਜ਼ਿਲ੍ਹਾ ਰਗਬੀ ਐਸੋਸੀਏਸ਼ਨ ਫ਼ਤਹਿਗੜ੍ਹ ਸਾਹਿਬ ਵਲੋਂ ਪ੍ਰਧਾਨ ਨੀਰਜ ਸ਼ਰਮਾ ਦੀ ਅਗਵਾਈ ਹੇਠ ਖਿਡਾਰੀਆਂ ਦੇ ਹੁਨਰ ਨੂੰ ਤਰਾਸ਼ਣ ਲਈ ਇਕ ਵਿਸ਼ੇਸ਼ ਖੇਡ ਕੈਂਪ ਲਗਾਇਆ ਗਿਆ | ਇਸ ਕੈਂਪ ਵਿਚ ਅੰਡਰ-14 ਤੇ ਅੰਡਰ-17 ਵਰਗ ਦੇ ਲੜਕੇ ਅਤੇ ਲੜਕੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਕੈਂਪ ਦੌਰਾਨ ਖਿਡਾਰੀਆਂ ਨੂੰ ਰਗਬੀ, ਗ੍ਰੈਪਲਿੰਗ ਅਤੇ ਮਾਰਸ਼ਲ ਆਰਟ ਵਰਗੀਆਂ ਖੇਡਾਂ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ | ਮਾਹਿਰ ਕੋਚਾਂ ਦੀ ਰਹਿਨੁਮਾਈ ਹੇਠ ਖਿਡਾਰੀਆਂ ਨੂੰ ਤਕਨੀਕੀ ਤੇ ਸਰੀਰਕ ਤੌਰ 'ਤੇ ਮਜ਼ਬੂਤ ਬਣਾਉਣ ਲਈ ਵੱਖ-ਵੱਖ ਪੈ੍ਰਕਟੀਕਲ ਸੈਸ਼ਨ ਤੇ ਵਰਕਸ਼ਾਪਾਂ ਕਰਵਾਈਆਂ ਗਈਆਂ | ਪ੍ਰਧਾਨ ਨੀਰਜ ਸ਼ਰਮਾ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਉਦੇਸ਼ ਖਿਡਾਰੀਆਂ ਨੂੰ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਪ੍ਰਦਾਨ ਕਰਨਾ ਹੈ, ਤਾਂ ਜੋ ਉਹ ਸੂਬਾਈ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰ ਸਕਣ | ਇਸ ਮੌਕੇ ਕਈ ਖਿਡਾਰੀਆਂ ਨੇ ਕਿਹਾ ਕਿ ਇਸ ਕੈਂਪ ਨੇ ਉਨ੍ਹਾਂ ਨੂੰ ਨਵਾਂ ਜਜ਼ਬਾ ਤੇ ਵਿਸ਼ਵਾਸ ਦਿੱਤਾ ਹੈ, ਜਿਸ ਨਾਲ ਉਹ ਆਪਣੇ ਸੁਪਨੇ ਸਾਕਾਰ ਕਰਨ ਦੀ ਦਿਸ਼ਾ ਵੱਲ ਵਧ ਰਹੇ ਹਨ | ਉਨ੍ਹਾਂ ਦੱਸਿਆ ਕਿ ਇਕ ਵਿਸ਼ੇਸ਼ ਕੈਂਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੀ ਲਗਾਇਆ ਜਾ ਰਿਹਾ ਹੈ, ਜਿਸ ਵਿਚ ਜਿੱਥੇ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾਵੇਗਾ ਉੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ | ਇਸ ਮੌਕੇ ਖੇਡਾਂ ਵਿਚ ਭਾਗ ਲੈਣ ਵਾਲਿਆਂ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਰਟੀਫਿਕੇਟ ਵੀ ਤਕਸੀਮ ਕੀਤੇ ਗਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਗਰਾਮ ਸਕੱਤਰ ਅਮਨਦੀਪ ਸਿੰਘ, ਸਕੱਤਰ ਅੰਜੂ ਸਮੇਤ ਖਿਡਾਰੀਆਂ ਦੇ ਮਾਪੇ ਤੇ ਖੇਡ ਪ੍ਰੇਮੀ ਵੀ ਹਾਜ਼ਰ ਸਨ |