ਭੁਨਰਹੇੜੀ/ਸਨੌਰ, 3 ਨਵੰਬਰ (ਧਨਵੰਤ ਸਿੰਘ, ਸੋਖਲ)-ਹਲਕਾ ਸਨੌਰ ਦੇ ਵਿਕਾਸ ਨੂੰ ਨਵੀਂ ਰਫ਼ਤਾਰ ਦਿੰਦਿਆਂ, ਪੀ. ਆਰ. ਟੀ. ਸੀ. ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਵਲੋਂ ਇਲਾਕੇ ਵਿਚ ਵੱਖ-ਵੱਖ ਪਿੰਡਾਂ ਨੂੰ ਜੋੜਨ ਵਾਲੀਆਂ ਮੁੱਖ ਸੜਕਾਂ ਦੇ ਨਵਿਆਉਣ ਪ੍ਰਾਜੈਕਟਾਂ ਦਾ ਰਸਮੀ ਉਦਘਾਟਨ ਕੀਤਾ ਗਿਆ, ਜਿਨ੍ਹਾਂ 'ਤੇ ਲਗਪਗ 4 ਕਰੋੜ 77 ਲੱਖ ਰੁਪਏ ਦੀ ਲਾਗਤ ਆਉਣੀ ਨਿਸ਼ਚਿਤ ਹੈ | ਇਸ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀਆਂ, ਚੁਣੇ ਹੋਏ ਨੁਮਾਇੰਦਿਆਂ ਤੋਂ ਇਲਾਵਾ ਪਿੰਡ ਵਾਸੀ ਮੌਜੂਦ ਰਹੇ | ਦੱਸਣਯੋਗ ਹੈ ਕਿ ਇਹ ਸੜਕਾਂ ਪਟਿਆਲਾ-ਸਨੌਰ ਰੋਡ ਤੋਂ ਚੌਰਾ, ਰਿਸ਼ੀ ਕਾਲੋਨੀ ਤੋਂ ਸਬਜ਼ੀ ਮੰਡੀ ਸਨੌਰੀ, ਅਕੌਤ ਤੋਂ ਨੈਣਾ ਖੁਰਦ, ਪਟਿਆਲਾ-ਗੁਹਲਾ ਰੋਡ ਪੁਨੀਆ ਤੇਜਾ ਰੋਡ ਵਾਇਆ ਭੱਟੀ, ਅਤੇ ਮਜਾਲ ਕਲਾ ਤੋਂ ਮਜਾਲ ਖੁਰਦ ਦੇ ਸੰਪਰਕ ਰੂਟਾਂ 'ਤੇ ਬਣ ਰਹੀਆਂ ਹਨ | ਕਈ ਸਾਲਾਂ ਤੋਂ ਇਨ੍ਹਾਂ ਰਾਹਾਂ ਦੀ ਹਾਲਤ ਖਰਾਬ ਹੋਣ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ | ਇਸ ਮੌਕੇ ਚੇਅਰਮੈਨ ਹਡਾਣਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਵਿਕਾਸ ਲਈ ਗੰਭੀਰ ਹੈ ਅਤੇ ਇਹੀ ਕਾਰਨ ਹੈ ਕਿ ਸੜਕ ਵਰਗੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ 'ਤੇ ਨਿਰੰਤਰ ਧਿਆਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਸਬੰਧਤ ਸਰਕਾਰੀ ਅਧਿਕਾਰੀਆਂ ਤੋਂ ਇਲਾਵਾ ਬਲਾਕ ਪ੍ਰਧਾਨ ਤੇ ਸਰਪੰਚ ਗੁਰਪ੍ਰੀਤ ਸਿੰਘ, ਬਲਾਕ ਪ੍ਰਧਾਨ ਚਰਨਜੀਤ ਸਿੰਘ ਨੈਣਾ, ਬਲਾਕ ਪ੍ਰਧਾਨ ਰਾਜਵਿੰਦਰ ਸਿੰਘ ਤੋਂ ਇਲਾਵਾ ਸਰਪੰਚ ਸਵਰਨਜੀਤ ਕੌਰ, ਪ੍ਰਦੀਪ ਜੋਸ਼ਨ ਪ੍ਰਧਾਨ ਨਗਰ ਕੌਂਸਲ ਸਨੌਰ, ਸਰਪੰਚ ਗੁਰਪ੍ਰੀਤ ਸਿੰਘ, ਸਰਪੰਚ ਬਲਵਿੰਦਰ ਸਿੰਘ, ਸਰਪੰਚ ਬਲਬੀਰ ਕੌਰ, ਸਰਪੰਚ ਬਲਜੀਤ ਸਿੰਘ, ਸਰਪੰਚ ਰਣਜੀਤ ਸਿੰਘ, ਸਰਪੰਚ ਅਮਰਜੀਤ ਸਿੰਘ, ਸਰਪੰਚ ਕੁਲਵੀਰ ਕੌਰ ਤੇ ਹੋਰ ਮੌਜੂਦ ਸਨ |