ਖਮਾਣੋਂ, 22 ਨਵੰਬਰ (ਜੋਗਿੰਦਰ ਪਾਲ)-ਨੰਬਰਦਾਰ ਯੂਨੀਅਨ ਬਲਾਕ ਖਮਾਣੋਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਗੁਰਦੇਵ ਸਿੰਘ ਮਝੈਲਾ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪ੍ਰਧਾਨ ਮਝੈਲਾ ਨੇ ਦੱਸਿਆ ਕਿ ਇਸ ਵਾਰ ਪੂਰੇ ਪੰਜਾਬ ਅੰਦਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਸਬ ਡਵੀਜ਼ਨ ਖਮਾਣੋਂ ਦੀ ਪਰਾਲੀ ਸਾੜਨ ਦੇ ਮਾਮਲਿਆਂ 'ਚ ਨਿਲ ਰਿਪੋਰਟ ਆਉਣ 'ਚ ਨੰਬਰਦਾਰ ਯੂਨੀਅਨ ਖਮਾਣੋਂ ਦਾ ਵੱਡਾ ਯੋਗਦਾਨ ਰਿਹਾ | ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਇੰਨ ਬਿੰਨ ਲਾਗੂ ਕਰਦਿਆਂ ਖਮਾਣੋਂ ਦੇ ਸਮੂਹ ਨੰਬਰਦਾਰਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਪਰਾਲੀ ਦੀ ਰਹਿੰਦ ਖੰੂਹਦ ਨੂੰ ਅੱਗ ਨਾ ਲਾਉਣ ਦਾ ਸੁਨੇਹਾ ਜ਼ਮੀਨੀ ਪੱਧਰ ਤੱਕ ਹਰ ਪਿੰਡ 'ਚ ਪਹੁੰਚਾਇਆ ਤੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਏ, ਸਿੱਟੇ ਵਜੋਂ ਖਮਾਣੋਂ ਤਹਿਸੀਲ ਦੀ ਰਿਪੋਰਟ ਨਿਲ ਆਈ ਅਤੇ ਇਸ ਵਿਚ ਖਮਾਣੋਂ ਤਹਿਸੀਲ ਦੇ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਵੱਡਾ ਯੋਗਦਾਨ ਰਿਹਾ | ਇਸ ਤੋਂ ਇਲਾਵਾ ਮੀਟਿੰਗ ਵਿਚ ਨੰਬਰਦਾਰਾਂ ਨੇ ਸਰਕਾਰ ਨੂੰ ਉਨ੍ਹਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਜਿਵੇਂ ਨੰਬਰਦਾਰੀ ਜੱਦੀ ਪੁਸ਼ਤੀ ਕਰਨੀ, ਨੰਬਰਦਾਰਾਂ ਦੇ ਬੈਠਣ ਲਈ ਪ੍ਰਬੰਧਕੀ ਕੰਪਲੈਕਸ ਵਿਚ ਕਮਰਾ ਅਲਾਟ ਕਰਨਾ, ਹਰਿਆਣੇ ਦੀ ਤਰਜ਼ ਤੇ ਬੱਸ, ਰੇਲ ਦਾ ਸਫ਼ਰ ਤੇ ਟੋਲ ਟੈਕਸ ਤੋਂ ਛੋਟ ਦੇਣ ਵਾਲੀਆਂ ਆਪਣੀਆਂ ਮੰਗਾਂ ਵੱਲ ਧਿਆਨ ਦੇਣ ਤੇ ਮਾਣ ਭੱਤੇ 'ਚ ਵਾਧਾ ਕਰਨ ਦੀ ਵੀ ਅਪੀਲ ਕੀਤੀ | ਇਸ ਮੌਕੇ ਨਿਰਮਲ ਸਿੰਘ, ਗੁਰਮੇਲ ਸਿੰਘ ਤੇ ਜੀਤ ਸਿੰਘ ਮੋਹਨ ਮਾਜਰਾ, ਬੁੱਧ ਸਿੰਘ ਲਖਣਪੁਰ, ਕੁਲਵੰਤ ਸਿੰਘ ਤੇ ਬਲਦੇਵ ਸਿੰਘ ਬਦੇਸ਼ ਕਲਾਂ, ਜਗਤਾਰ ਸਿੰਘ ਭੱਟੀਆਂ, ਸਾਬਕਾ ਸਰਪੰਚ ਦਰਸ਼ਨ ਸਿੰਘ ਬਰਵਾਲੀ, ਮੇਜਰ ਸਿੰਘ ਖਮਾਣੋਂ, ਲਖਵੀਰ ਸਿੰਘ ਅਮਰਗੜ੍ਹ, ਅਜੀਤ ਪਾਲ ਸਿੰਘ ਲਖਣਪੁਰ, ਇੰਦਰਜੀਤ ਸਿੰਘ ਖੰਟ, ਮਹਿੰਦਰ ਸਿੰਘ ਜਟਾਣਾ, ਸ਼ਸ਼ੀ ਰਾਜ ਅਤੇ ਰਕੇਸ਼ ਸੰਘੋਲ, ਜੱਗਾ ਜਟਾਣਾ ਉੱਚਾ ਵੀ ਹਾਜ਼ਰ ਸਨ |