ਫ਼ਤਹਿਗੜ੍ਹ ਸਾਹਿਬ, 18 ਦਸੰਬਰ (ਬਲਜਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਿਕ ਭਾਰਤ ਦੇ ਸੱਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਫ਼ਤਹਿਗੜ੍ਹ ਸਾਹਿਬ ਵਿਚ ਪੀ.ਆਰ ਪਾਂਡੀਅਨ ਦੀ ਗਿ੍ਫ਼ਤਾਰੀ ਵਿਰੋਧ ਵਿਚ ਰੋਸ ਮਾਰਚ ਕੀਤਾ ਗਿਆ, ਜਿਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ | ਉਪਰੰਤ ਰਾਸ਼ਟਰਪਤੀ ਦੇ ਨਾਂਅ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਰਾਹੀਂ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਭਾਕਿਯੂ ਏਕਤਾ ਸਿੱਧੂਪੁਰ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ ਤੇ ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ ਨੇ ਦੱਸਿਆ ਕਿ ਤਾਮਿਲਨਾਡੂ ਵਿਖੇ ਗੈਸ ਲੀਕ ਫ਼ੈਕਟਰੀ ਦਾ ਵਿਰੋਧ ਕਰ ਲੋਕਾਂ ਦੇ ਹੱਕ ਵਿਚ ਖੜ੍ਹ ਕੇ ਸੰਘਰਸ਼ ਵਿੱਢਣ ਅਤੇ ਲੋਕਾਂ ਦੇ ਸਾਫ਼ ਹਵਾ ਵਿਚ ਜ਼ਿੰਦਗੀ ਜਿਊਣ ਦੇ ਹੱਕ ਲਈ ਅੰਦੋਲਨ ਲੜਨ ਵਾਲੇ ਕਿਸਾਨ ਆਗੂ ਪੀ. ਆਰ ਪਾਂਡੀਅਨ ਨੂੰ ਸਰਕਾਰ ਦੁਆਰਾ ਗਿ੍ਫ਼ਤਾਰ ਕਰ ਸੰਘਰਸ਼ੀ ਲੋਕਾਂ ਦੀ ਆਵਾਜ਼ ਨੂੰ ਕੁਚਲਿਆ ਜਾ ਰਿਹਾ ਹੈ | ਜਿਸ ਦਾ ਜਥੇਬੰਦੀ ਸਖ਼ਤ ਵਿਰੋਧ ਕਰਦੀ ਹੈ | ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਕਿਸਾਨ ਨੇਤਾ ਪੀ. ਆਰ. ਪਾਂਡੀਅਨ ਨੇ ਆਪਣਾ ਪੂਰਾ ਜੀਵਨ ਕਿਸਾਨ ਭਾਈਚਾਰੇ ਦੇ ਜੀਵਨ ਨੂੰ ਉੱਚਾ ਚੁੱਕਣ ਅਤੇ ਸਮਾਜ ਸੇਵਾ ਨੂੰ ਸਮਰਪਿਤ ਕੀਤਾ ਹੈ | ਉਨ੍ਹਾਂ ਕਿਹਾ ਕਿ 2013 ਵਿਚ ਤਾਮਿਲਨਾਡੂ ਦੇ ਧਰਮਪੁਰੀ ਜ਼ਿਲੇ੍ਹ ਦੇ ਕਰੀ ਮੰਗਲਮ ਵਿਚ ਰਾਜ ਸਰਕਾਰ ਵਲੋਂ ਐਲਾਨੀ ਸੁਰੱਖਿਅਤ ਖੇਤੀਬਾੜੀ ਜ਼ਮੀਨ ਖੇਤਰ ਵਿਚ ਓ. ਐੱਨ. ਜੀ. ਸੀ ਕੰਪਨੀ ਵਲੋਂ ਖ਼ੁਦਾਈ ਅਤੇ ਡਿਲਿੰਗ ਦਾ ਕੰਮ ਕੀਤਾ ਜਾ ਰਿਹਾ ਸੀ | ਉਸ ਖੇਤਰ ਵਿਚ ਗੈੱਸ ਲੀਕ ਹੋਣ ਦੀ ਘਟਨਾ ਵਾਪਰੀ ਸੀ, ਜਿਸ ਨਾਲ ਸਥਾਨਕ ਨਾਗਰਿਕਾਂ ਵਿਚ ਵੱਡੇ ਪੱਧਰ 'ਤੇ ਜਾਨ-ਮਾਲ ਦੇ ਨੁਕਸਾਨ ਦਾ ਡਰ ਪੈਦਾ ਹੋ ਗਿਆ ਸੀ ਅਤੇ ਰਾਜ ਸਰਕਾਰ ਵਲੋਂ ਕੰਪਨੀ ਦੀ ਉਪਰੋਕਤ ਸਾਈਟ 'ਤੇ ਰੋਕ ਲਗਾ ਦਿੱਤੀ ਗਈ ਸੀ | ਇਸ ਰੋਕ ਦੇ ਬਾਵਜੂਦ ਕੰਪਨੀ ਵਲੋਂ ਉਸ ਖੇਤਰ ਵਿਚ ਕੰਮ ਰੋਕਣ ਦੀ ਬਜਾਏ ਸਥਾਨਕ ਲੋਕਾਂ ਦੇ ਜਨ ਜੀਵਨ ਨੂੰ ਖ਼ਤਰੇ ਵਿਚ ਪਾਉਂਦੇ ਹੋਏ ਕੰਮ ਨੂੰ ਜਾਰੀ ਰੱਖਿਆ | ਉਨ੍ਹਾਂ ਦੱਸਿਆ ਕਿ 2015 ਵਿਚ ਪੀ.ਆਰ. ਪਾਡਿਅਨ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਉਸ ਜਗ੍ਹਾ 'ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕੀਤਾ ਗਿਆ, ਪਰ ਕੰਪਨੀ ਵਲੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਕਿਸਾਨਾਂ ਵਿਰੁੱਧ ਸਾਜ਼ਿਸ਼ ਰਚ ਕੇ ਜਾਅਲੀ ਸਬੂਤਾਂ ਦੇ ਆਧਾਰ ਨਾਲ ਇੱਕ ਝੂਠਾ ਮੁਕੱਦਮਾ ਦਰਜ ਕਰਵਾ ਦਿੱਤਾ ਕੀਤਾ ਗਿਆ | ਉਪਰੋਕਤ ਮੁਕੱਦਮੇ ਵਿਚ 6 ਦਸੰਬਰ 2025 ਨੂੰ ਤਿਰੂਵਰੂਰ ਜ਼ਿਲੇ੍ਹ ਦੀ ਫਾਸਟ ਟਰੈਕ ਅਦਾਲਤ ਨੇ ਕਿਸਾਨ ਆਗੂਆਂ ਪੀ. ਆਰ. ਪਾਂਡਿਅਨ ਅਤੇ ਸੇਲਵਰਾਜ ਨੂੰ 13-13 ਸਾਲ ਦੀ ਕੈਦ ਦੀ ਸਜ਼ਾ ਸੁਣਾ ਦਿੱਤੀ ਅਤੇ ਦੋਵੇਂ ਕਿਸਾਨ ਆਗੂ ਉਸ ਦਿਨ ਤੋਂ ਹੀ ਜੇਲ੍ਹ ਵਿਚ ਹਨ | ਇਸ ਕਾਰਨ ਦੇਸ਼ ਭਰ ਦੇ ਕਿਸਾਨਾਂ ਵਿਚ ਗ਼ੁੱਸਾ ਹੈ | ਉਨ੍ਹਾਂ ਰਾਸ਼ਟਰਪਤੀ ਪਾਸੋਂ ਮੰਗ ਕੀਤੀ ਕਿ ਇਸ ਝੂਠੇ ਮਾਮਲੇ ਵਿਚ ਆਪਣੀਆਂ ਸੰਵਿਧਾਨਕ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਾਂ ਕੇਂਦਰ ਸਰਕਾਰ ਅਤੇ ਤਾਮਿਲਨਾਡੂ ਸਰਕਾਰ ਨੂੰ ਨਿਰਦੇਸ਼ ਦੇ ਕੇ ਇਸ ਸਥਿਤੀ ਦਾ ਕਾਨੂੰਨੀ ਹੱਲ ਕਢਵਾ ਕੇ ਕਿਸਾਨ ਆਗੂਆਂ ਪੀ.ਆਰ. ਪਾਂਡਿਅਨ ਅਤੇ ਸੇਲਵਰਾਜ ਦੀ ਰਿਹਾਈ ਨੂੰ ਯਕੀਨੀ ਬਣਾਈ ਜਾਵੇ | ਇਸ ਮੌਕੇ ਪ੍ਰਦਰਸ਼ਨਕਾਰੀਆਂ 'ਚ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਰੁੜਕੀ, ਜਨਰਲ ਸਕੱਤਰ ਗੁਰਜੀਤ ਸਿੰਘ ਵਜੀਦਪੁਰ, ਪ੍ਰਕਾਸ਼ ਸਿੰਘ ਬੱਬਲ, ਅਵਤਾਰ ਸਿੰਘ ਡੰਘੇੜੀਆਂ, ਉੱਤਮ ਸਿੰਘ ਬਰਵਾਲੀ, ਪ੍ਰੇਮ ਸਿੰਘ ਛੰਨਾ, ਕਰਨੈਲ ਸਿੰਘ ਜਟਾਣਾ, ਇਕਬਾਲ ਸਿੰਘ, ਜੋਗਿੰਦਰ ਸਿੰਘ ਪੱਤੋੋਂ, ਹਰਭਜਨ ਸਿੰਘ ਖੇੜੀ, ਅਮਰਜੀਤ ਸਿੰਘ ਦਾਦੂਮਾਜਰਾ, ਕੁਲਦੀਪ ਸਿੰਘ ਭੈਣੀ ਕਲਾਂ, ਭੀਮ ਸਿੰਘ ਡੰਘੇੜੀਆਂ, ਗੁਰਸੇਵਕ ਸਿੰਘ ਦੁਭਾਲੀ ਤੋਂ ਇਲਾਵਾ ਵੱਡੀ ਗਿਣਤੀ 'ਚ ਕਿਸਾਨ ਸ਼ਾਮਿਲ ਸਨ |