6 ਡਰੋਨਾਂ ਅਤੇ 300 ਸੀ. ਸੀ. ਟੀ. ਵੀ. ਕੈਮਰਿਆਂ ਨਾਲ ਪੁਲਿਸ ਰੱਖ ਰਹੀ ਹੈ ਤਿੱਖੀ ਨਜ਼ਰ- ਅਗਰਵਾਲ
ਅਜੀਤ ਡੈਸਕ
23-12-2025
ਅੱਜ ਅਗਰਵਾਲ ਨੇ ਸਮੂਹ ਐੱਸ.ਪੀਜ਼, ਡੀ. ਐੱਸ. ਪੀਜ਼ ਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਸ਼ਹੀਦੀ ਸਭਾ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਲੱਖਾਂ ਸੰਗਤਾਂ ਦੀ ਸੁਰੱਖਿਆ ਤੇ ਸੁਵਿਧਾ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ | ਐੱਸ. ਐੱਸ. ਪੀ. ਅਗਰਵਾਲ ਨੇ ਅੱਗੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿੱਥੇ 6 ਹਾਈਟੈੱਕ ਡਰੋਨਾਂ ਰਾਹੀਂ ਆਸਮਾਨ ਉੱਤੋਂ ਨਜ਼ਰ ਰੱਖੀ ਜਾ ਰਹੀ ਹੈ, ਉੱਥੇ ਹੀ ਵੱਖ-ਵੱਖ ਮਾਰਗਾਂ 'ਤੇ 300 ਸੀ. ਸੀ. ਟੀ. ਵੀ. ਕੈਮਰੇ ਲਗਵਾਏ ਗਏ ਹਨ ਤਾਂ ਜੋ ਜੇਬ ਕਤਰਿਆਂ ਜਾਂ ਹੋਰ ਗੈਰ ਸਮਾਜਿਕ ਅਨਸਰਾਂ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਈ ਜਾ ਸਕੇ | ਉਨ੍ਹਾਂ ਦੱਸਿਆ ਕਿ ਆਵਾਜਾਈ ਨੂੰ ਸੁਚਾਰੂ ਰੱਖਣ ਲਈ ਟ੍ਰੈਫ਼ਿਕ ਰੂਟ ਤਿਆਰ ਕੀਤਾ ਗਿਆ ਹੈ ਅਤੇ ਬਾਹਰੋਂ ਆਉਣ ਵਾਲੇ ਵਾਹਨਾਂ ਲਈ 11 ਬਦਲਵੇਂ ਰੂਟਾਂ ਦੇ ਪ੍ਰਬੰਧ ਕੀਤੇ ਗਏ ਹਨ | ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ 19 ਵਿਸ਼ੇਸ਼ ਟ੍ਰੈਫ਼ਿਕ ਪੁਆਇੰਟ ਬਣਾਏ ਗਏ ਹਨ ਤਾਂ ਜੋ ਟ੍ਰੈਫ਼ਿਕ ਜਾਮ ਦੀ ਸਥਿਤੀ ਪੈਦਾ ਨਾ ਹੋਵੇ | ਉਨ੍ਹਾਂ ਇਹ ਵੀ ਦੱਸਿਆ ਕਿ ਸੰਗਤ ਦੀਆਂ ਗੱਡੀਆਂ ਨੂੰ ਖੜ੍ਹਾਉਣ ਲਈ 2 ਦਰਜਨ ਦੇ ਕਰੀਬ ਛੋਟੀਆਂ ਵੱਡੀਆਂ ਪਾਰਕਿੰਗਾਂ ਲਈ ਸਥਾਨ ਰਾਖਵੇਂ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਪੂਰੇ ਇਲਾਕੇ ਨੂੰ 6 ਸੈਕਟਰਾਂ ਵਿਚ ਵੰਡਿਆ ਗਿਆ ਹੈ ਤਾਂ ਜੋ ਸਾਰੇ ਪ੍ਰਬੰਧ ਸੁਚਾਰੂ ਢੰਗ ਨਾਲ ਚੱਲਣ | ਉਨ੍ਹਾਂ ਦੱਸਿਆ ਕਿ ਇਸ ਦੌਰਾਨ ਫ਼ਤਹਿਗੜ੍ਹ ਸਾਹਿਬ ਤੇ ਨੇੜਲੇ ਜ਼ਿਲਿ੍ਹਆਂ ਦੇ ਕਰੀਬ 3500 ਪੁਲਿਸ ਅਧਿਕਾਰੀ ਤੇ ਕਰਮਚਾਰੀ ਸੇਵਾਵਾਂ ਪ੍ਰਦਾਨ ਕਰਨਗੇ | ਉਨ੍ਹਾਂ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਜ਼ਿਲ੍ਹੇ ਦੀਆਂ ਹੱਦਾਂ ਤੇ ਅੰਦਰੂਨੀ ਰਸਤਿਆਂ 'ਤੇ 79 ਪੁਲਿਸ ਨਾਕੇ ਲਗਾਏ ਗਏ ਹਨ | ਇਸ ਤੋਂ ਇਲਾਵਾ ਪੁਲਿਸ ਸਹਾਇਤਾ ਕੇਂਦਰਾਂ ਵਿਚ ਵਿਸ਼ੇਸ਼ ਟੀਮਾਂ ਤਾਇਨਾਤ ਰਹਿਣਗੀਆਂ ਜੋ ਗੁੰਮ ਹੋਏ ਬੱਚਿਆਂ ਜਾਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਵਿਚ ਮੱਦਦ ਕਰਨਗੀਆਂ |