ਬਸੀ ਪਠਾਣਾਂ, 22 ਦਸੰਬਰ (ਐਚ.ਐਸ.ਗੌਤਮ)-ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾਂ ਵਲੋਂ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਚ ਬਲਾਕ ਸੰਮਤੀ ਚੋਣਾਂ ਵਿਚ ਜੇਤੂ ਪਾਰਟੀ ਉਮੀਦਵਾਰਾਂ, ਸੰਘੋਲ ਬਲਾਕ ਸੰਮਤੀ ਦੀ ਉਮੀਦਵਾਰ ਪੂਜਾ ਰਾਣੀ ਤੇ ਬਲਾਕ ਸੰਮਤੀ ਜੈ ਸਿੰਘ ਵਾਲਾ ਦੇ ਉਮੀਦਵਾਰ ਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੰਡਲ ਪ੍ਰਧਾਨ ਓਮ ਗੌਤਮ ਅਤੇ ਯੁਵਾ ਮੋਰਚਾ ਪ੍ਰਧਾਨ ਸ਼ਿਆਮ ਪਾਠਕ ਨੇ ਕਿਹਾ ਕਿ ਅੱਜ ਪਿੰਡਾਂ ਵਿਚ ਭਾਜਪਾ ਦਾ ਆਧਾਰ ਬਹੁਤ ਵੱਧ ਰਿਹਾ ਹੈ, ਜਿਸ ਦੀ ਇਕ ਉਦਾਹਰਨ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਹਰ ਪਿੰਡ ਵਿਚ ਬਲਾਕ ਸੰਮਤੀ ਉਮੀਦਵਾਰਾਂ ਨੂੰ ਭਾਰੀ ਗਿਣਤੀ ਵਿਚ ਵੋਟਾਂ ਮਿਲਣੀਆਂ ਅਤੇ ਕਈ ਪਿੰਡਾਂ ਵਿਚ ਪਾਰਟੀ ਉਮੀਦਵਾਰ ਦਾ ਜਿੱਤਣਾ ਹੈ | ਅੱਜ ਪਿੰਡ ਵਾਸੀਆਂ ਦਾ ਝੁਕਾਅ ਭਾਰਤੀ ਜਨਤਾ ਪਾਰਟੀ ਵੱਲ ਵਧ ਰਿਹਾ ਹੈ | ਇਸ ਤੋਂ ਸਪੱਸ਼ਟ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣੇਗੀ, ਕਿਉਂਕਿ ਹਰ ਪਿੰਡ ਅਤੇ ਸ਼ਹਿਰ ਵਾਸੀ ਕੇਂਦਰ ਵਿਚ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਪਸੰਦ ਕਰ ਰਿਹਾ ਹੈ ਅਤੇ ਇਹ ਸਪੱਸ਼ਟ ਹੈ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਸਰਕਾਰ ਦਾ ਕਬਜ਼ਾ ਹੋਵੇਗਾ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਜੇਸ਼ ਗੌਤਮ, ਮੰਡਲ ਦੇ ਜਨਰਲ ਸਕੱਤਰ ਨਰਵੀਰ ਧੀਮਾਨ ਜੋਨੀ, ਸੁਰੇਸ਼ ਗੌਤਮ, ਰਿਸ਼ੀ ਗੌਤਮ, ਸੰਘੋਲ ਮੰਡਲ ਦੇ ਪ੍ਰਧਾਨ ਵਿਨੋਦ ਰਾਣਾ, ਜੈ ਸਿੰਘ ਵਾਲਾ ਦੇ ਜੇਤੂ ਉਮੀਦਵਾਰ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ |