ਫ਼ਤਹਿਗੜ੍ਹ ਸਾਹਿਬ, 23 ਦਸੰਬਰ (ਬਲਜਿੰਦਰ ਸਿੰਘ)-ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਪਹੁੰਚਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਸੁਵਿਧਾ ਲਈ ਪ੍ਰਸ਼ਾਸਨ ਤੇ ਪੁਲਿਸ ਵਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ | ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਅਤੇ ਐੱਸ. ਐੱਸ. ਪੀ. ਸ਼ੁਭਮ ਅਗਰਵਾਲ ਨੇ ਗੁਰਦੁਆਰਾ ਸਾਹਿਬ ਨਜ਼ਦੀਕ ਟਿੱਲੇ ਵਿਖੇ ਸਾਂਝੀ ਪੈੱ੍ਰਸ ਕਾਨਫ਼ਰੰਸ ਦੌਰਾਨ ਕੀਤਾ | ਡਿਪਟੀ ਕਮਿਸ਼ਨਰ ਡਾ. ਥਿੰਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਟਿੱਲੇ 'ਤੇ ਪੁਲਿਸ ਪ੍ਰਸ਼ਾਸਨ ਦੀ ਤਰਫ਼ੋਂ ਇਕ ਇੰਟੇਗਰੇਟਿਡ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ, ਜਿੱਥੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਪ੍ਰਸ਼ਾਸਨ ਦੀ ਤਰਫ਼ੋਂ ਪੀ. ਐੱਸ. ਪੀ. ਸੀ. ਐੱਲ., ਸਿਹਤ, ਜਲ ਸਪਲਾਈ ਤੇ ਸੈਨੀਟੇਸ਼ਨ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ 27 ਦਸੰਬਰ ਤੱਕ 24 ਘੰਟੇ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨਗੇ ਅਤੇ ਕਿਸੇ ਵੀ ਲੋੜ ਸਮੇਂ ਤੁਰੰਤ ਕਾਰਵਾਈ ਨੂੰ ਅਮਲ ਵਿਚ ਲਿਆਉਣਗੇ | ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਦੇ ਸੰਪਰਕ ਨੰ. 'ਤੇ ਕੋਈ ਵੀ ਸ਼ਰਧਾਲੂ ਸੰਪਰਕ ਕਰ ਸਕਦਾ ਹੈ, ਜਿਸ ਦੀ ਸਮੱਸਿਆ ਦਾ ਫ਼ੌਰੀ ਹੱਲ ਕੀਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸਿਹਤ ਸੁਵਿਧਾਵਾਂ ਵਿਚ ਵੀ ਵੱਡੇ ਪੱਧਰ 'ਤੇ ਵਾਧਾ ਕੀਤਾ ਗਿਆ ਹੈ | ਜਿਸ ਤਹਿਤ 7 ਡਿਸਪੈਂਸਰੀਆਂ ਦੇ ਨਾਲ ਨਾਲ 20 ਆਮ ਆਦਮੀ ਕਲੀਨਿਕ ਸੰਗਤਾਂ ਦੀ ਸੁਵਿਧਾ ਲਈ ਸੇਵਾਵਾਂ ਪ੍ਰਦਾਨ ਕਰਨਗੇ, ਜਿਸ ਵਿਚ ਵੱਖ-ਵੱਖ ਜ਼ਿਲਿ੍ਹਆਂ ਤੋਂ ਰੋਗ ਮਾਹਿਰ ਸ਼ਾਮਿਲ ਹੋਣਗੇ | ਇਸ ਤੋਂ ਇਲਾਵਾ 60 ਐਂਬੂਲੈਂਸ ਵੀ ਕਾਰਜਸ਼ੀਲ ਰਹਿਣਗੀਆਂ ਤੇ ਡੀ. ਸੀ. ਕੰਪਲੈਕਸ ਵਿਖੇ 25 ਤੇ 26 ਦਸੰਬਰ ਨੂੰ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ 25 ਤੇ 26 ਦਸੰਬਰ ਨੂੰ ਆਮ ਖ਼ਾਸ ਬਾਗ਼ ਸਰਹਿੰਦ ਵਿਖੇ ਸ਼ਾਮ 6 ਵਜੇ ਤੋਂ ਲੈ ਕੇ 7 ਵਜੇ ਤੱਕ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨੂੰ ਦਰਸਾਉਂਦੇ ਨਾਟਕ ਸਰਬੰਸਦਾਨੀ ਦਾ ਮੰਚਨ ਕੀਤਾ ਜਾਵੇਗਾ, ਜਿਸ ਵਿਚ ਸੰਗਤਾਂ ਨੂੰ ਵਧ ਚੜ੍ਹ ਕੇ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦੀ ਸਭਾ ਦੌਰਾਨ ਤਿੰਨ ਕਿੱਲੋਮੀਟਰ ਦੇ ਘੇਰੇ ਵਿਚ ਸਾਫ਼-ਸਫ਼ਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਜਿੱਥੇ 200 ਡਸਟਬਿਨ ਲਗਾਏ ਗਏ ਹਨ, ਉੱਥੇ ਹੀ ਸਵੀਪਿੰਗ ਤੇ ਹੋਰ ਸਫ਼ਾਈ ਮਸ਼ੀਨਾਂ ਤੇ ਵੱਡੀ ਗਿਣਤੀ ਵਲੰਟੀਅਰ ਵੀ ਸਫ਼ਾਈ ਵਿਚ ਜੁਟੇ ਹੋਏ ਹਨ | ਉਨ੍ਹਾਂ ਨੇ ਸੰਗਤਾਂ ਅਤੇ ਲੰਗਰ ਦੀ ਸੇਵਾ ਕਰ ਰਹੀਆਂ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਵਿਚ ਸਹਿਯੋਗ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਵੀ ਇਹ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਟੀਮਾਂ 24 ਘੰਟੇ ਮੁਸਤੈਦੀ ਨਾਲ ਸਫ਼ਾਈ ਅਭਿਆਨ ਨੂੰ ਜਾਰੀ ਰੱਖਣ | ਡਾ. ਥਿੰਦ ਨੇ ਦੱਸਿਆ ਕਿ ਪੱਤਰਕਾਰ ਸਾਹਿਬਾਨ ਲਈ ਤਹਿਸੀਲ ਕੰਪਲੈਕਸ ਵਿਖੇ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿੱਥੇ ਉਹ ਇੰਟਰਨੈੱਟ ਤੇ ਕੰਪਿਊਟਰ ਸੇਵਾਵਾਂ ਦਾ ਲਾਭ ਉਠਾ ਸਕਣਗੇ | ਇਸ ਤੋਂ ਇਲਾਵਾ ਜ਼ਿਲ੍ਹੇ ਦੇ ਪਿੰਡਾਂ ਵਿਚ ਆਉਣ ਵਾਲੀ ਸੰਗਤ ਦੀ ਸਹੂਲਤ ਲਈ 200 ਸ਼ਟਲ ਬੱਸਾਂ ਤੇ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰੀ ਖੇਤਰ ਵਿਚ 100 ਈ-ਰਿਕਸ਼ਿਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ | ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਨਤਮਸਤਕ ਹੋਣ ਲਈ ਪਹੁੰਚਣ ਵਾਲੇ ਸ਼ਰਧਾਲੂਆਂ ਲਈ ਹਰ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ | ਇਸ ਮੌਕੇ ਅਗਰਵਾਲ ਨੇ ਜ਼ਿਲ੍ਹੇ ਵਿਚ ਸੁਰੱਖਿਆ ਪ੍ਰਬੰਧਾਂ, ਆਵਾਜਾਈ ਵਿਵਸਥਾ, ਨਾਕਾਬੰਦੀ, ਡਰੋਨ ਤੇ ਸੀ.ਸੀ.ਟੀ.ਵੀ. ਰਾਹੀਂ ਹੋ ਰਹੀ ਨਿਗਰਾਨੀ, ਸੰਗਤ ਦੀ ਸੁਵਿਧਾ ਲਈ ਬਣਾਈਆਂ ਛੋਟੀਆਂ ਵੱਡੀਆਂ ਪਾਰਕਿੰਗਾਂ, ਸ਼ਹੀਦੀ ਸਭਾ ਨੂੰ ਸਮਰਪਿਤ 2 ਸੋਸ਼ਲ ਮੀਡੀਆ ਚੈਨਲ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਪੂਰੇ ਖੇਤਰ ਨੂੰ 6 ਸੈਕਟਰਾਂ ਵਿਚ ਵੰਡਿਆ ਗਿਆ ਹੈ ਅਤੇ 79 ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਅਧਿਕਾਰੀਆਂ ਤੇ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਲਈ ਤਿੰਨ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ | ਅਗਰਵਾਲ ਨੇ ਦੱਸਿਆ ਕਿ 6 ਸਹਾਇਤਾ ਕੇਂਦਰ ਪੁਲਿਸ ਨੇ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿਚ ਵੱਡੀਆਂ ਐੱਲ. ਈ. ਡੀ. ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ 200 ਮੀਟਰ ਦਾ ਏਰੀਆ ਨੋ ਵਹੀਕਲ ਜ਼ੋਨ ਘੋਸ਼ਿਤ ਕੀਤਾ ਗਿਆ ਹੈ, ਪਰ ਉੱਥੇ ਸ਼ਟਲ ਤੇ ਈ-ਰਿਕਸ਼ਾ ਮੁਫ਼ਤ ਚੱਲਦੇ ਰਹਿਣਗੇ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਵੀ 5 ਐਂਬੂਲੈਂਸਾਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਗੂਗਲ ਮੈਪ, ਮੈਪ ਮਾਈ ਇੰਡੀਆ, ਮੈਪਲਸ ਐਪ ਦੇ ਨਾਲ ਪਾਰਕਿੰਗ ਰੂਟਾਂ ਦੀ ਜੀਓ ਟੈਗਿੰਗ ਕੀਤੀ ਹੈ | ਉਨ੍ਹਾਂ ਦੱਸਿਆ ਕਿ ਮੋਬਾਈਲ ਕੰਪਨੀਆਂ ਨਾਲ ਤਾਲਮੇਲ ਕੀਤਾ ਗਿਆ ਅਤੇ ਜਦੋਂ ਵੀ ਕੋਈ ਨਾਗਰਿਕ ਫ਼ਤਹਿਗੜ੍ਹ ਸਾਹਿਬ ਦੇ ਮੋਬਾਈਲ ਟਾਵਰਾਂ ਨਜ਼ਦੀਕ ਦਾਖਲ ਹੋਵੇਗਾ ਤਾਂ ਸਬੰਧਿਤ ਮੋਬਾਈਲ ਕੰਪਨੀ ਵਲੋਂ ਇਕ ਲਿੰਕ ਮੈਸੇਜ ਫਲੈਸ਼ ਹੋਵੇਗਾ, ਜਿਸ 'ਤੇ ਕਲਿੱਕ ਕਰਕੇ ਰੂਟ ਪਾਰਕਿੰਗ ਆਦਿ ਨਾਲ ਸਬੰਧਿਤ ਜ਼ਰੂਰੀ ਜਾਣਕਾਰੀਆਂ ਉਪਲੱਬਧ ਹੋਣਗੀਆਂ |