15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਵੀਰ ਬਾਲ ਦਿਵਸ ਦਾ ਨਾਂਅ ਬਦਲਣ ਲਈ ਮੁੜ ਕੀਤੀ ਅਪੀਲ

Ad Position 21
No active advertisement
ਅਜੀਤ ਡੈਸਕ 24-12-2025
ਫ਼ਤਹਿਗੜ੍ਹ ਸਾਹਿਬ, 23 ਦਸੰਬਰ (ਬਲਜਿੰਦਰ ਸਿੰਘ)-ਸਰਹਿੰਦ ਦੀ ਪਵਿੱਤਰ ਧਰਤੀ 'ਤੇ ਸਥਿਤ ਗੁਰਦੁਆਰਾ ਜੋਤੀ ਸਰੂਪ ਵਿਖੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਨੇ ਨਤਮਸਤਕ ਹੋ ਕੇ ਅਰਦਾਸ ਕੀਤੀ | ਸੰਤ ਸੀਚੇਵਾਲ ਨੇ ਗੁਰਸੰਗਤਾਂ ਵਲੋਂ ਰੁਮਾਲਾ ਸਾਹਿਬ ਭੇਟ ਕਰਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਅਦੁੱਤੀ ਸ਼ਹਾਦਤ ਨੂੰ ਪ੍ਰਣਾਮ ਕੀਤਾ | ਗੱਲਬਾਤ ਦੌਰਾਨ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਜਿਹੜਾ ਪੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰਾਪਤ ਹੋਇਆ ਸੀ, ਉਸ ਦੇ ਆਦੇਸ਼ 'ਤੇ ਉਨ੍ਹਾਂ ਨੇ ਸਰਦ ਰੁੱਤ ਦੇ ਸੈਸ਼ਨ ਦੌਰਾਨ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ ਅਤੇ ਬਾਲ ਵਿਕਾਸ ਮੰਤਰਾਲੇ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਵੀਰ-ਬਾਲ ਦਿਵਸ ਦਾ ਨਾਂਅ ਬਦਲ ਕੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਰੱਖਿਆ ਜਾਵੇ | ਉਨ੍ਹਾਂ ਨੇ ਸਰਹਿੰਦ ਦੀ ਪਵਿੱਤਰ ਧਰਤੀ ਤੋਂ ਮੁੜ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਨਾਂਅ ਬਦਲਿਆ ਜਾਵੇ | ਸੀਚੇਵਾਲ ਨੇ ਦੱਸਿਆ ਕਿ ਇਸ ਨੂੰ ਸੰਸਦ 'ਚ ਸਿਫ਼ਰ ਕਾਲ ਰਾਹੀਂ 15 ਦਸੰਬਰ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਭਾਜਪਾ ਵਲੋਂ ਕੀਤੇ ਗਏ ਹੰਗਾਮੇ ਕਾਰਨ ਇਸ ਮੁੱਦੇ ਨੂੰ ਉਠਾਇਆ ਨਹੀਂ ਜਾ ਸਕਿਆ ਜਦੋਂਕਿ 19 ਦਸੰਬਰ ਤੱਕ ਹੋਣ ਵਾਲੇ ਸੈਸ਼ਨ ਵਿਚ ਇਹ ਮੁੱਦਾ ਚੁੱਕਣ ਲਈ 18 ਦਸੰਬਰ ਨੂੰ ਸੰਸਦ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ | ਉਨ੍ਹਾਂ ਨੇ ਅੱਗੇ ਦੱਸਿਆ ਕਿ ਸਿੱਖ ਜਗਤ ਇਸ ਨਾਂਅ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕਰ ਰਿਹਾ ਹੈ, ਕਿਉਂਕਿ ਵੀਰ-ਬਾਲ ਦਿਵਸ ਇਸ ਤਰੀਕੇ ਨਾਲ ਨਹੀਂ ਮਨਾਇਆ ਜਾ ਸਕਦਾ, ਜਿਸ ਤਰ੍ਹਾਂ ਸਿੱਖ ਕੌਮ ਲਈ ਇਹ ਸਮਰਪਿਤ ਹੈ | ਸੀਚੇਵਾਲ ਨੇ ਕਿਹਾ ਕਿ ਜਦੋਂ ਤੱਕ ਇਹ ਨਾਂਅ ਬਦਲਿਆ ਨਹੀਂ ਜਾਂਦਾ, ਤਦ ਤੱਕ ਇਹ ਵਿਰੋਧ ਜਾਰੀ ਰਹੇਗਾ | ਉਨ੍ਹਾਂ ਦਾ ਕਹਿਣਾ ਸੀ ਕਿ ਸਾਹਿਬਜ਼ਾਦੇ ਸਿੱਖ ਕੌਮ ਦੇ ਸਤਿਕਾਰਯੋਗ ਬਾਬੇ ਹਨ ਅਤੇ ਉਨ੍ਹਾਂ ਨੂੰ ਬਾਲ ਦੇ ਤੌਰ 'ਤੇ ਨਹੀਂ ਜਾਣਿਆ ਜਾ ਸਕਦਾ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਰਹਿੰਦ ਦੀ ਕਚਹਿਰੀ ਵਿਚ ਜਿੱਥੇ ਵਜ਼ੀਰਖਾਨ ਅੱਗੇ ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਨੇ ਦਲੇਰੀ ਅਤੇ ਨਿਡਰਤਾ ਨਾਲ ਆਪਣੇ ਧਰਮ ਅਤੇ ਕੌਮ ਦੀ ਰੱਖਿਆ ਕੀਤੀ, ਉਹ ਕੋਈ ਛੋਟੀ ਉਮਰ ਦੇ ਬੱਚੇ ਨਹੀਂ ਕਰ ਸਕਦੇ | ਉਨ੍ਹਾਂ ਦੀ ਦਾਦੀ ਮਾਤਾ ਗੁਜਰੀ ਜੀ ਨੇ ਉਨ੍ਹਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਜਿਹੜੀ ਪ੍ਰੇਰਨਾ ਦਿੱਤੀ ਸੀ, ਉਸ ਤੇ ਛੋਟੇ ਸਾਹਿਬਜ਼ਾਦੇ ਇਸ ਵਿਚ ਪੂਰੀ ਤਰ੍ਹਾਂ ਖਰੇ ਉੱਤਰੇ ਸਨ | ਸੀਚੇਵਾਲ ਨੇ ਇਹ ਵੀ ਕਿਹਾ ਕਿ ਸਿੱਖ ਕੌਮ ਲਈ ਇਹ ਸ਼ਹਾਦਤ ਲਾਸਾਨੀ ਹੈ ਅਤੇ ਇਸ ਦਿਹਾੜੇ ਨੂੰ ਉਸੇ ਸਤਿਕਾਰ ਨਾਲ ਮਨਾਉਣ ਦੀ ਲੋੜ ਹੈ | ਇਹ ਸ਼ਹਾਦਤ ਜ਼ੁਲਮ ਦੇ ਖ਼ਿਲਾਫ਼ ਬੋਲਣ ਦਾ ਸਪੱਸ਼ਟ ਪ੍ਰਗਟਾਵਾ ਹੈ | ਸੀਚੇਵਾਲ ਨੇ ਆਿਖ਼ਰ ਵਿਚ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਲਈ ਯਤਨਸ਼ੀਲ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ 'ਆਪ' ਸਰਕਾਰ ਨਵੇਂ ਬਣੇ ਕਾਨੂੰਨ 'ਵਿਕਸਿਤ ਭਾਰਤ ਪੇਂਡੂ ਰੁਜ਼ਗਾਰ ਗਰੰਟੀ ਮਿਸ਼ਨ 2025' ਨੂੰ ਵਿਧਾਨ ਸਭਾ 'ਚ ਮਤਾ ਪਾ ਕੇ... ਅਗਲੀ ਖ਼ਬਰ ਵਿਸ਼ੇਸ਼ ਡੀ. ਜੀ. ਪੀ. ਕਾਨੂੰਨ ਤੇ ਵਿਵਸਥਾ ਸ਼ੁਕਲਾ ਵਲੋਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ
Ad Position 24