ਫ਼ਤਹਿਗੜ੍ਹ ਸਾਹਿਬ, 29 ਦਸੰਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਲਜੀਤ ਸਿੰਘ ਭੁੱਟਾ ਨੇ ਗਿਆਨੀ ਗੁਰਮੁੱਖ ਸਿੰਘ ਯਾਦਗਾਰੀ ਇਕੱਤਰਤਾ ਹਾਲ ਫ਼ਤਹਿਗੜ੍ਹ ਸਾਹਿਬ ਵਿਖੇ ਸੱਦੀ ਪੱ੍ਰੈਸ ਕਾਨਫ਼ਰੰਸ ਦੌਰਾਨ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀ ਵਾਰਡਬੰਦੀ ਵਿਚ ਕੀਤੇ ਫੇਰ ਬਦਲ ਨੂੰ ਲੈ ਕੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਿੱਖੀ ਆਲੋਚਨਾ ਕੀਤੀ ਹੈ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਰਡਬੰਦੀ ਕਰਨ ਵਿਚ ਕਾਨੂੰਨੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਹਨ, ਜਿਸ ਨੂੰ ਸ਼ਹਿਰਵਾਸੀ ਬਰਦਾਸ਼ਤ ਨਹੀਂ ਕਰਨਗੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੀ ਆਬਾਦੀ ਨਾ ਵੱਧਣ ਕਾਰਨ ਵਾਰਡਾਂ ਦੀ ਗਿਣਤੀ ਪਹਿਲਾਂ ਜਿੰਨੀ, 23 ਰੱਖੀ ਗਈ ਹੈ ਪ੍ਰੰਤੂ ਜੇਕਰ ਵਾਰਡਾਂ ਦੀ ਗਿਣਤੀ ਵਿਚ ਕੋਈ ਵਾਧਾ ਨਹੀਂ ਹੋਇਆ, ਫਿਰ ਸਰਕਾਰ ਨੂੰ ਦੁਬਾਰਾ ਵਾਰਡਬੰਦੀ ਕਰਵਾਉਣ ਦੀ ਕੀ ਲੋੜ ਪੈ ਗਈ ਹੈ, ਜਦੋਂਕਿ 2021 ਵਿਚ ਨਵੇਂ ਸਿਰਿਓਾ ਵਾਰਡਬੰਦੀ ਹੋਈ ਸੀ, ਉਨ੍ਹਾਂ ਕਿਹਾ ਕਿ ਕਾਨੂੰਨੀ ਨਿਯਮਾਂ ਅਨੁਸਾਰ 10 ਸਾਲ ਤੱਕ ਵਾਰਡਬੰਦੀ ਦੁਬਾਰਾ ਨਹੀਂ ਹੋ ਸਕਦੀ | ਇਸ ਤੋਂ ਇਲਾਵਾ ਵਾਰਡਬੰਦੀ ਕਰਨ ਵਾਲੀ ਟੀਮ ਵਲੋਂ ਕਾਨੂੰਨੀ ਨਿਯਮ ਛਿੱਕੇ ਟੰਗ ਕੇ ਇਕੋ ਵਾਰਡ ਵਿਚ ਰੇਲਵੇ ਲਾਈਨਾਂ ਪਾਰ ਕੀਤੀਆਂ ਗਈਆਂ ਅਤੇ ਸਟੇਟ ਹਾਈਵੇ ਪਾਰ ਕਰਕੇ ਵਾਰਡ ਦੀ ਲੰਬਾਈ ਵਧਾ ਦਿੱਤੀ ਗਈ, ਜਦੋਂਕਿ ਵੋਟਰਾਂ ਨੂੰ ਵੋਟਾਂ ਪਾਉਣ ਲਈ ਪੋਲਿੰਗ ਸਟੇਸ਼ਨ ਨੇੜੇ ਹੋਣਾ ਚਾਹੀਦਾ ਹੈ | ਉਨ੍ਹਾਂ ਦੋਸ਼ ਲਾਇਆ ਕਿ ਵਾਰਡਬੰਦੀ ਕਰਨ ਸਮੇਂ ਵਿਰੋਧੀ ਪਾਰਟੀਆਂ ਦੇ ਕਿਸੇ ਨੁਮਾਇੰਦੇ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ ਅਤੇ ਪ੍ਰਸ਼ਾਸਨ ਨੇ ਸੱਤਾਧਾਰੀ ਆਗੂਆਂ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਹੀ ਗਲਤ ਤਰੀਕੇ ਨਾਲ ਵਾਰਡਬੰਦੀ ਕੀਤੀ ਹੈ, ਜੋ ਕਿ ਸਿੱਧੇ ਤੌਰ 'ਤੇ ਧੱਕੇਸ਼ਾਹੀ ਤੇ ਬੇਇਨਸਾਫ਼ੀ ਹੈ | ਜਿਸ ਦਾ ਨਗਰ ਕੌਂਸਲ ਸਰਹਿੰਦ ਵਿਚ ਮਤਾ ਪਾ ਕੇ ਵਿਰੋਧ ਕੀਤਾ ਗਿਆ ਹੈ | ਭੁੱਟਾ ਨੇ ਪੰਜਾਬ ਸਰਕਾਰ, ਸਥਾਨਕ ਸਰਕਾਰਾਂ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਨਵੀਂ ਵਾਰਡਬੰਦੀ ਨੂੰ ਤੁਰੰਤ ਰੱਦ ਕੀਤਾ ਜਾਵੇ, ਨਿਯਮਾਂ ਅਨੁਸਾਰ ਠੀਕ ਢੰਗ ਨਾਲ ਵਾਰਡਬੰਦੀ ਕਰਵਾ ਕੇ ਸ਼ਹਿਰਵਾਸੀਆਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਅਦਾਲਤ ਦਾ ਰੁੱਖ ਕਰਨਗੇ | ਇਸ ਮੌਕੇ ਸੁਖਵਿੰਦਰ ਸਿੰਘ ਸਰਹਿੰਦ, ਤਜਿੰਦਰ ਸਿੰਘ ਕੋਹਲੀ, ਮਾਸਟਰ ਸਤਵੰਤ ਸਿੰਘ ਕਲੌੜ, ਪੰਕਜ ਸ਼ਰਮਾ, ਨੀਲ ਕਮਲ ਕੌਰ ਬਾਠ, ਅੰਮਿ੍ਤ ਸਿੰਘ, ਗਿਆਨ ਸਿੰਘ ਖਰੌਡ, ਹਰਭਜਨ ਕੌਰ, ਬਲਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ, ਮਨਜੀਤ ਸਿੰਘ, ਗਿਆਨੀ ਕੇਸਰ ਸਿੰਘ, ਗੁਰਤੇਜ ਸਿੰਘ ਗਿੱਲ, ਅੰਮਿ੍ਤ ਕੌਰ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਜਰਨੈਲ ਸਿੰਘ ਤੇ ਹੋਰ ਹਾਜ਼ਰ ਸਨ |