ਫ਼ਤਹਿਗੜ੍ਹ ਸਾਹਿਬ, 29 ਦਸੰਬਰ (ਮਨਪ੍ਰੀਤ ਸਿੰਘ)-ਸ਼ਹੀਦਾਂ ਦੀ ਧਰਤੀ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਮੌਕੇ ਪੰਜਾਬ ਸਰਕਾਰ ਵਲੋਂ ਕੀਤੇ ਗਏ ਵਿਸ਼ੇਸ਼ ਆਵਾਜਾਈ ਪ੍ਰਬੰਧ ਸ਼ਰਧਾਲੂਆਂ ਲਈ ਵਰਦਾਨ ਸਾਬਤ ਹੋਏ ਹਨ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹੀਦੀ ਸਭਾ ਦੌਰਾਨ ਚਲਾਈਆਂ ਗਈਆਂ ਮੁਫ਼ਤ ਸ਼ਟਲ ਬੱਸ ਸੇਵਾਵਾਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਭਰਵਾਂ ਹੁੰਗਾਰਾ ਮਿਲਿਆ | ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਾਦਾਦ ਵਿਚ ਆਈਆਂ ਸੰਗਤਾਂ ਦੇ ਬਾਵਜੂਦ ਕਿਸੇ ਨੂੰ ਵੀ ਆਵਾਜਾਈ ਪ੍ਰਬੰਧਾਂ ਨੂੰ ਲੈ ਕੇ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ | ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਦੀ ਅਗਵਾਈ ਅਤੇ ਰਿਜਨਲ ਟਰਾਂਸਪੋਰਟ ਅਫ਼ਸਰ ਚੇਤਨ ਬੰਗੜ ਦੀ ਨਿਗਰਾਨੀ ਹੇਠ ਸ਼ਹੀਦੀ ਸਭਾ ਦੌਰਾਨ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਸੰਗਤ ਦੀ ਸਹੂਲਤ ਲਈ ਸੰਗਤ ਦੀ ਲੋੜ ਅਨੁਸਾਰ ਵੱਡੀ ਗਿਣਤੀ ਵਿਚ ਮੁਫ਼ਤ ਸ਼ਟਲ ਬੱਸਾਂ ਚਲਾਈਆਂ ਗਈਆਂ, ਜਿਸ ਨਾਲ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੀ | ਇਸ ਤੋਂ ਇਲਾਵਾ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਅਤੇ ਭੀੜ ਵਾਲੇ ਇਲਾਕਿਆਂ ਵਿਚ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਤੇ ਅੰਗਹੀਣਾਂ ਦੀ ਸਹੂਲਤ ਲਈ 100 ਮੁਫ਼ਤ ਈ-ਰਿਕਸ਼ਾ ਚਲਾਏ ਗਏ, ਜਿਨ੍ਹਾਂ ਵਲੋਂ ਦਿਨ ਰਾਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ | ਇਸ ਪਹਿਲਕਦਮੀ ਨੇ ਸੰਗਤ ਨੂੰ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਵਿਚ ਆ ਰਹੀਆਂ ਦਿੱਕਤਾਂ ਨੂੰ ਖ਼ਤਮ ਕਰ ਦਿੱਤਾ | ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵਲੋਂ ਕੀਤੇ ਮਿਆਰੀ ਪ੍ਰਬੰਧਾਂ ਕਾਰਨ ਪੇਂਡੂ ਖੇਤਰਾਂ ਵਿਚੋਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਇਨ੍ਹਾਂ ਬੱਸਾਂ ਰਾਹੀਂ ਨਤਮਸਤਕ ਹੋ ਕੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ | ਸ਼ਹੀਦੀ ਸਭਾ ਵਿਚ ਪਹੁੰਚੀ ਸੰਗਤ ਨੇ ਮੁੱਖ ਮੰਤਰੀ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇੰਨੇ ਵੱਡੇ ਪੱਧਰ 'ਤੇ ਸ਼ਰਧਾਲੂਆਂ ਦੀ ਸਹੂਲਤ ਲਈ ਮੁਫ਼ਤ ਅਤੇ ਸਰਵੋਤਮ ਆਵਾਜਾਈ ਦੇ ਪ੍ਰਬੰਧ ਕੀਤੇ ਗਏ ਹਨ | ਲੋਕਾਂ ਅਨੁਸਾਰ ਇਹ ਸਹੂਲਤ ਖ਼ਾਸ ਕਰਕੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਅਤੇ ਬਜ਼ੁਰਗਾਂ ਲਈ ਬਹੁਤ ਮਦਦਗਾਰ ਸਾਬਤ ਹੋਈ ਹੈ | ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਥਿੰਦ ਨੇ ਕਿਹਾ ਕਿ ਸਾਡਾ ਮਕਸਦ ਸ਼ਹੀਦੀ ਸਭਾ ਵਿਚ ਨਤਮਸਤਕ ਹੋਣ ਵਾਲੀ ਸੰਗਤ ਦੀ ਸੇਵਾ ਕਰਨਾ ਹੈ | ਉਨ੍ਹਾਂ ਕਿਹਾ ਕਿ 25, 26 ਅਤੇ 27 ਦਸੰਬਰ ਤੋਂ ਇਲਾਵਾ ਸੰਗਤਾਂ ਦੀ ਸਹੂਲਤ ਲਈ 24 ਦਸੰਬਰ ਅਤੇ 28 ਦਸੰਬਰ ਨੂੰ ਵੀ ਇਹ ਮੁਫ਼ਤ ਬੱਸ ਸੇਵਾਵਾਂ ਜਾਰੀ ਰੱਖੀਆਂ ਗਈਆਂ | ਉਨ੍ਹਾਂ ਕਿਹਾ ਕਿ ਮੁਫ਼ਤ ਆਵਾਜਾਈ ਸੇਵਾਵਾਂ ਰਾਹੀਂ ਅਸੀਂ ਇਹ ਯਕੀਨੀ ਬਣਾਇਆ ਹੈ ਕਿ ਕਿਸੇ ਵੀ ਸ਼ਰਧਾਲੂ, ਖ਼ਾਸ ਕਰਕੇ ਬਜ਼ੁਰਗਾਂ ਤੇ ਅੰਗਹੀਣਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਅਤੇ ਪੰਜਾਬ ਸਰਕਾਰ ਦੇ ਇਸ ਉੱਦਮ ਨੂੰ ਸੰਗਤਾਂ ਨੇ ਬਹੁਤ ਸਰਾਹਿਆ ਹੈ | ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਲੋੜ ਅਨੁਸਾਰ ਜਿੱਥੇ ਇਹ ਬੱਸ ਸੇਵਾਵਾਂ ਸਵੇਰੇ 8 ਵਜੇ ਤੋਂ ਆਰੰਭ ਹੋ ਜਾਂਦੀਆਂ ਸਨ, ਉੱਥੇ ਹੀ ਰਾਤ 10 ਵਜੇ ਤੱਕ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਜਿਸ ਨਾਲ ਸੰਗਤਾਂ ਨੇ ਵੱਡੀ ਰਾਹਤ ਮਹਿਸੂਸ ਕੀਤੀ |