ਬਟਾਲਾ, 2 ਜੂਨ (ਸਤਿੰਦਰ ਸਿੰਘ)-ਕਾਂਗਰਸੀ ਆਗੂਆਂ ਦੀ ਇਕ ਅਹਿਮ ਮੀਟਿੰਗ ਕੌਸਲਰ ਕਸਤੂਰੀ ਲਾਲ ਅਤੇ ਰਮੇਸ਼ ਬੂਰਾ ਦੀ ਅਗਵਾਈ ਹੇਠ ਹੋਈ | ਇਸ ਮੌਕੇ ਸਾਰੇ ਹੀ ਆਗੂਆਂ ਨੇ ਕਾਂਗਰਸ ਪਾਰਟੀ ਹਾਈਕਮਾਂਡ ਨੂੰ ਅਪੀਲ ਕੀਤੀ ਕਿ ਬਟਾਲਾ ਹਲਕੇ ਤੋਂ ਕਾਂਗਰਸੀ ਵਰਕਰਾਂ ਦੇ ਦੁੱਖ-ਸੁੱਖ ਦੇ ਭਾਈਵਾਲ ਅਤੇ ਵਰਕਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ ਵਾਲੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੂੰ ਬਿਨਾਂ ਦੇਰੀ ਬਟਾਲਾ ਹਲਕੇ ਦਾ ਇੰਚਾਰਜ ਲਗਾਇਆ ਜਾਵੇ, ਕਿਉਂਕਿ ਬਟਾਲਾ ਹਲਕਾ ਪਿਛਲੇ ਲੰਬੇ ਸਮੇਂ ਤੋਂ ਹਲਕਾ ਇੰਚਾਰਜ ਤੋਂ ਵਾਂਝਾ ਹੈ | ਉਨ੍ਹਾਂ ਕਿਹਾ ਕਿ ਕਾਂਗਰਸੀ ਵਰਕਰਾਂ ਨੂੰ ਇਕ ਮਜ਼ਬੂਤ ਲੀਡਰ ਦੀ ਲੋੜ ਹੈ ਅਤੇ ਐਡਵੋਕੇਟ ਜੈਂਤੀਪੁਰ ਵਰਕਰਾਂ ਦੀ ਆਸ 'ਤੇ ਪੂਰੇ ਉਤਰ ਸਕਦੇ ਹਨ, ਜਿਨਾਂ ਨੇ ਪਿਛਲੀਆਂ ਸਾਰੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ | ਕਾਂਗਰਸੀ ਆਗੂਆਂ ਨੇ ਕਿਹਾ ਕਿ ਜਲਦ ਹੀ ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਨਿਗਮ ਦੀਆਂ ਚੋਣਾਂ ਆਉਣ ਵਾਲੀਆਂ ਹਨ ਤੇ ਉਸ ਤੋਂ ਬਾਅਦ 2027 ਵਿਚ ਵਿਧਾਨ ਸਭਾ ਚੋਣਾਂ ਵੀ ਆ ਜਾਣਗੀਆਂ, ਸਮਾਂ ਬਹੁਤ ਘੱਟ ਰਹਿ ਗਿਆ ਹੈ, ਇਸ ਲਈ ਜਲਦ ਤੋਂ ਜਲਦ ਬਟਾਲਾ ਹਲਕੇ ਦੀ ਜ਼ਿੰਮੇਵਾਰੀ ਐਡਵੋਕੇਟ ਅਮਨਦੀਪ ਜੈਂਤੀਪੁਰ ਨੂੰ ਸੌਂਪੀ ਜਾਵੇ | ਕਾਂਗਰਸੀ ਆਗੂਆਂ ਨੇ ਕਿਹਾ ਕਿ ਅਸੀਂ ਗਾਂਧੀ ਨਗਰ ਕੈਂਪ ਨਾਲ ਸਬੰਧ ਰੱਖਦੇ ਹਾਂ, ਇਸ ਇਲਾਕੇ ਅੰਦਰ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਬਹੁਤ ਲੋਕਪਿ੍ਯਤਾ ਹੈ | ਉਨ੍ਹਾਂ ਕਿਹਾ ਕਿ ਪੂਰੇ ਬਟਾਲੇ ਦੇ ਲੋਕ ਕਾਂਗਰਸ ਵੱਲ ਦੇਖ ਰਹੇ ਹਨ ਅਤੇ ਇਹ ਗੱਲ ਸਪੱਸ਼ਟ ਹੈ ਕਿ 2027 ਵਿਚ ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਤੈਅ ਹੈ | ਇਸ ਮੌਕੇ ਕਾਕਾ ਵਪਾਰੀ, ਰਾਜੇਸ਼ ਕੁਮਾਰ ਬਿੱਟੂ, ਸਵਰਨਜੀਤ ਸਿੰਘ, ਕੁਲਦੀਪ ਰਾਜ, ਅਜੇਪਾਲ, ਕੇਵਲ ਕਿ੍ਸ਼ਨ ਬੰਟੀ, ਡਾ. ਨਰਿੰਦਰ ਕੁਮਾਰ, ਪ੍ਰਦੀਪ ਤਰਗੋਤਰਾ, ਮੇਲਾ ਰਾਮ ਆਦਿ ਕਾਂਗਰਸੀ ਵਰਕਰ ਹਾਜ਼ਰ ਸਨ |