ਧਾਰੀਵਾਲ, 2 ਜੂਨ (ਸਵਰਨ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਕਾਲਜ ਆਫ਼ ਐਜੂਕੇਸ਼ਨ ਧਾਰੀਵਾਲ ਵਿਖੇ ਡਾਇਰੈਕਟਰ ਅਮਰਜੀਤ ਸਿੰਘ ਚਾਹਲ ਅਤੇ ਪਿ੍ੰਸੀਪਲ ਸ੍ਰੀਮਤੀ ਕਿਰਨ ਕੇਸਰ ਦੀ ਯੋਗ ਅਗਵਾਈ ਹੇਠ ਕਾਲਜ ਦੇ ਡੀ.ਐਲ.ਐੱਡ. ਦੇ ਵਿਦਿਆਰਥੀਆਂ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਗਿਆ | ਪਿ੍ੰਸੀਪਲ ਸ੍ਰੀਮਤੀ ਕਿਰਨ ਕੇਸਰ ਨੇ ਦੱਸਿਆ ਕਿ ਵਿਸਵ ਤੰਬਾਕੂ ਵਿਰੋਧੀ ਦਿਵਸ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ | ਇਸ ਦਿਨ ਤੰਬਾਕੂ ਅਤੇ ਸਿਗਰਟਨੋਸੀ ਤੋਂ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦੇ ਮੌਕੇ 'ਤੇ ਵਿਸ਼ਵ ਭਰ ਵਿਚ ਤੰਬਾਕੂ ਦੇ ਸੇਵਨ ਨੂੰ ਰੋਕਣ ਲਈ ਵੱਖ-ਵੱਖ ਥਾਵਾਂ 'ਤੇ ਸਮਾਗਮ ਕਰਵਾਏ ਜਾਂਦੇ ਹਨ | ਇਸ ਦਿਨ ਨਾ ਸਿਰਫ ਤੰਬਾਕੂ, ਬਲਕਿ ਤੰਬਾਕੂ ਤੇ ਨਿਕੋਟੀਨ ਯੁਕਤ ਉਤਪਾਦ ਜਿਵੇਂ ਕਿ ਬੀੜੀ, ਗੁਟਖਾ ਅਤੇ ਸਿਗਰਟਾਂ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਜਾਗਿ੍ਤੀ ਲਿਆਂਦੀ ਜਾਂਦੀ ਹੈ ਤਾਂ ਜੋ ਇਸ ਦੇ ਨੁਕਸਾਨਾਂ ਤੋਂ ਜਾਣੂ ਹੋ ਕੇ ਲੋਕ ਇਸ ਦਾ ਸੇਵਨ ਨਾ ਕਰਨ ਅਤੇ ਆਪਣੇ ਜੀਵਨ ਨੂੰ ਸਹੀ ਢੰਗ ਨਾਲ ਬਿਤਾ ਸਕਣ | ਤੰਬਾਕੂ ਰੋਕ ਦਿਵਸ ਦੇ ਮੁੱਖ ਬੁਲਾਰੇ ਪ੍ਰ੍ਰੀਤਮ ਸਿੰਘ ਵਲੋਂ ਨੌਜਵਾਨਾਂ ਨੂੰ ਤੰਬਾਕੂ, ਬੀੜੀ ਅਤੇ ਗੁਟਖਾ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਇਆ |