ਗੁਰਦਾਸਪੁਰ, 1 ਸਤੰਬਰ (ਚੱਕਰਾਜਾ)-ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਹੜ੍ਹ ਪ੍ਰਭਾਵਿਤ ਖੇਤਰ 'ਚ ਰਾਹਤ ਕਾਰਜਾਂ ਨੂੰ ਹੋਰ ਸੁਚੱਜੇ ਢੰਗ ਨਾਲ ਚਲਾਉਣ ਲਈ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰਾਂ 'ਤੇ ਸਹਾਇਤਾ ਸੈੱਲਾਂ ਦਾ ਗਠਨ ਕੀਤਾ ਹੈ | ਇਨ੍ਹਾਂ ਸਹਾਇਤਾ ਸੈੱਲਾਂ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਸੇਵਾ ਕਰਨ ਆਉਣ ਵਾਲੀਆਂ ਸੰਸਥਾਵਾਂ ਹੜ੍ਹ ਪੀੜਤਾਂ ਦੀ ਲੋੜ, ਕਿਸ ਇਲਾਕੇ ਵਿਚ ਰਾਹਤ ਸਮੱਗਰੀ ਵੰਡੀ ਜਾਣੀ ਹੈ, ਰੈਸਕਿਊ ਤੇ ਰਿਲੀਫ ਓਪਰੇਸ਼ਨ, ਸਿਹਤ ਸੇਵਾਵਾਂ, ਪੀਣ ਵਾਲੇ ਪਾਣੀ ਅਤੇ ਹੋਰ ਖਾਣ-ਪੀਣ ਦੇ ਸਮਾਨ, ਪਸ਼ੂਆਂ ਲਈ ਦਵਾਈਆਂ, ਹੜ੍ਹ ਪ੍ਰਭਾਵਿਤ ਲੋਕਾਂ ਲਈ ਬਣਾਏ ਰਾਹਤ ਕੈਂਪਾਂ, ਹਾਈਜੀਨ ਅਤੇ ਸੈਨੇਟਰੀ ਕਿੱਟਾਂ ਸਮੇਤ ਰਾਹਤ ਕਾਰਜਾਂ ਸਬੰਧੀ ਜਾਣਕਾਰੀ ਹਾਸਲ ਕਰ ਸਕਦੇ ਹਨ | ਡਿਪਟੀ ਕਮਿਸ਼ਨਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਰਾਹਤ ਸਮੱਗਰੀ ਦੀ ਵੰਡ ਲਈ ਜ਼ਿਲ੍ਹਾ ਪੱਧਰ 'ਤੇ ਨਵਜੋਤ ਸ਼ਰਮਾ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ (ਮੋਬਾਈਲ ਨੰਬਰ 96469-62024) ਤੇ ਹਰਪ੍ਰੀਤ ਸਿੰਘ ਡੀ.ਡੀ.ਪੀ.ਓ. (ਮੋਬਾਈਲ ਨੰਬਰ 88723-00819) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ | ਇਸੇ ਤਰ੍ਹਾਂ ਤਹਿਸੀਲ ਦੀਨਾਨਗਰ ਲਈ ਬਲਵਿੰਦਰ ਸਿੰਘ ਤਹਿਸੀਲਦਾਰ ਦੀਨਾਨਗਰ (ਮੋਬਾਈਲ 99884-90394) ਤੇ ਕੰਵਲਪ੍ਰੀਤ ਸਿੰਘ ਇੰਸਪੈਕਟਰ ਸਹਿਕਾਰਤਾ (ਮੋਬਾਈਲ ਨੰਬਰ 70093-10141) ਨੂੰ ਨੋਡਲ ਅਫ਼ਸਰ ਲਗਾਇਆ ਹੈ | ਡੇਰਾ ਬਾਬਾ ਨਾਨਕ ਤਹਿਸੀਲ ਲਈ ਤਹਿਸੀਲਦਾਰ ਲਛਮਣ ਸਿੰਘ (ਮੋਬਾਈਲ ਨੰਬਰ 98143-90280) ਤੇ ਸਰਬਜੀਤ ਸਿੰਘ ਕਲਰਕ (ਮੋਬਾਈਲ 90285-40001) ਨੂੰ ਨੋਡਲ ਅਫ਼ਸਰ ਲਗਾਇਆ ਹੈ | ਕਲਾਨੌਰ ਤਹਿਸੀਲ ਲਈ ਨਾਇਬ ਤਹਿਸੀਲਦਾਰ ਜਗਦੀਪ ਇੰਦਰ ਸਿੰਘ (ਮੋਬਾਈਲ ਨੰਬਰ 98140-39922) ਤੇ ਕਾਨੂੰਗੋ ਕੁਲਬੀਰ ਸਿੰਘ (ਮੋਬਾਈਲ ਨੰਬਰ 98779-14464) ਨੂੰ ਨੋਡਲ ਅਫ਼ਸਰ ਲਗਾਇਆ ਹੈ | ਡਿਪਟੀ ਕਮਿਸ਼ਨਰ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸੇਵਾ ਕਰਨ ਆਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਤੋਂ ਪਹਿਲਾਂ ਸਬੰਧਿਤ ਇਲਾਕੇ ਵਿਚ ਉਪਰੋਕਤ ਦਿੱਤੇ ਨੰਬਰਾਂ ਉੱਪਰ ਜ਼ਰੂਰ ਸੰਪਰਕ ਕਰ ਲੈਣ ਤਾਂ ਜੋ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਲੋੜਵੰਦਾਂ ਦੀ ਸੂਚਨਾ ਦੇਣ ਦੇ ਨਾਲ ਹੋਰ ਲੋੜੀਂਦੀ ਸਹਾਇਤਾ ਦਿੱਤੀ ਜਾ ਸਕੇ |