ਪਠਾਨਕੋਟ, 4 ਸਤੰਬਰ (ਵਿਨੋਦ)-ਪੰਜਾਬ ਅੰਦਰ ਆਏ ਹੜ੍ਹਾਂ ਦੇ ਨਾਲ ਬਹੁਤ ਹੀ ਵੱਡਾ ਨੁਕਸਾਨ ਪੰਜਾਬੀ ਭਾਈਚਾਰੇ ਦਾ ਹੋਇਆ ਹੈ, ਨੁਕਸਾਨ ਦੀ ਪੂਰਤੀ ਲਈ ਲੋਕਾਂ ਵਲੋਂ ਸਹਿਯੋਗ ਪਾਇਆ ਜਾ ਰਿਹਾ ਹੈ | ਬਹੁਤ ਸਾਰੇ ਦਾਨੀ ਸੱਜਣਾਂ ਵਲੋਂ ਮੁੱਖ ਮੰਤਰੀ ਰਿਲੀਫ ਫ਼ੰਡ ਵਿਚ ਸਹਿਯੋਗ ਕੀਤਾ ਜਾ ਰਿਹਾ ਹੈ | ਇਹ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਡਿਪਟੀ ਕਮਿਸ਼ਨਰ ਦਫ਼ਤਰ ਪਠਾਨਕੋਟ ਵਿਖੇ ਇਕ ਲੱਖ ਦਸ ਹਜ਼ਾਰ ਰੁਪਏ ਦਾ ਚੈੱਕ ਮੁੱਖ ਮੰਤਰੀ ਰਿਲੀਫ ਫ਼ੰਡ ਵਿਚ ਦੇਣ ਮਗਰੋਂ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ, ਹਲਕਾ ਇੰਚਾਰਜ ਸੁਜਾਨਪੁਰ ਅਮਿਤ ਮੰਟੂ, ਐਸ.ਡੀ.ਐਮ. ਪਠਾਨਕੋਟ ਰਕੇਸ਼ ਮੀਨਾ, ਡੀ.ਆਰ.ਓ. ਪਵਨ ਕੁਮਾਰ, ਵਿਕਰਮ ਏ.ਸੀ.ਜੀ. ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ | ਉਨ੍ਹਾਂ ਕਿਹਾ ਕਿ ਹੜ੍ਹਾਂ ਦੇ ਦੌਰਾਨ ਹੋਏ ਨੁਕਸਾਨ ਦੀ ਪੂਰਤੀ ਲਈ ਬਹੁਤ ਸਾਰੀਆਂ ਐਨ.ਜੀ.ਓ. ਲੱਗੀਆਂ ਹੋਈਆ ਹਨ ਤੇ ਦਾਨੀ ਸੱਜਣ ਵੀ ਆਪਣਾ ਸਹਿਯੋਗ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਵਲੋਂ ਇਕ ਲੱਖ 10 ਹਜ਼ਾਰ ਰੁਪਏ ਦਾ ਚੈੱਕ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਭੇਟ ਕੀਤਾ ਗਿਆ ਹੈ | ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਆਓ ਸਾਰੇ ਮਿਲ ਕੇ ਮੁੱਖ ਮੰਤਰੀ ਰਿਲੀਫ ਫ਼ੰਡ ਵਿਚ ਅਪਣਾ ਸਹਿਯੋਗ ਪਾਈਏ |